#AMERICA

Donald Trump ਵਿਰੁੱਧ ਫੈਸਲੇ ਤੋਂ ਬਾਅਦ ਕੋਲੋਰਾਡੋ Supreme Court ਦੇ ਜੱਜਾਂ ਨੂੰ ਮਿਲੀਆਂ ਧਮਕੀਆਂ

-ਮਾਮਲਾ ਜਾਂਚ ਲਈ ਐੱਫ.ਬੀ.ਆਈ. ਦੇ ਹਵਾਲੇ
ਸੈਕਰਾਮੈਂਟੋ, 30 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੋਲੋਰਾਡੋ ਰਾਜ ਦੀ ਸੁਪਰੀਮ ਕੋਰਟ ਵੱਲੋਂ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਰਾਜ ਵਿਚ 2024 ਦੀਆਂ ਮੁੱਢਲੀਆਂ ਨਾਮਜ਼ਦਗੀ ਚੋਣਾਂ ਵਿਚ ਹਿੱਸਾ ਲੈਣ ਤੋਂ ਅਯੋਗ ਕਰਾਰ ਦੇਣ ਉਪਰੰਤ ਜੱਜਾਂ ਨੂੰ ਮਿਲ ਰਹੀਆਂ ਧਮਕੀਆਂ ਕਾਰਨ ਉਨ੍ਹਾਂ ਦੀ ਸੁਰੱਖਿਆ ਵਧਾ ਦੇਣ ਦੀਆਂ ਰਿਪੋਰਟਾਂ ਹਨ। ਜੱਜ ਦੇ ਘਰਾਂ ਤੇ ਅਦਾਲਤਾਂ ਵਿਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਸਟੇਟ ਸੁਪਰੀਮ ਕੋਰਟ ਨੇ 19 ਦਸੰਬਰ ਨੂੰ ਦਿੱਤੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਜਨਵਰੀ 6,2021 ਨੂੰ ਰਾਜਧਾਨੀ ਵਿਚ ਟਰੰਪ ਨੇ ਹਿੰਸਾ ਨੂੰ ਉਤਸ਼ਾਹਿਤ ਕੀਤਾ, ਜਿਸ ਦਾ ਅਰਥ ਹੈ ਕਿ ਉਹ ਬਗਾਵਤੀ ਗਤੀਵਿਧੀਆਂ ਵਿਚ ਸ਼ਾਮਲ ਹੋਇਆ, ਇਸ ਲਈ ਉਸ ਨੂੰ ਅਮਰੀਕੀ ਸੰਵਿਧਾਨ ਦੀ 14ਵੀਂ ਸੋਧ ਤਹਿਤ ਅਹੁਦਾ ਸੰਭਾਲਣ ਦੇ ਅਯੋਗ ਕਰਾਰ ਦਿੱਤਾ ਜਾਂਦਾ ਹੈ। ਐੱਫ.ਬੀ.ਆਈ. ਦੇ ਬੁਲਾਰੇ ਵਿਕੀ ਮਿਗੋਇਆ ਨੇ ਇਕ ਜਾਰੀ ਬਿਆਨ ਵਿਚ ਕਿਹਾ ਹੈ ਕਿ ਐੱਫ.ਬੀ.ਆਈ. ਹਾਲਾਤ ਤੋਂ ਜਾਣੂ ਹੈ ਤੇ ਉਹ ਹਾਲਾਤ ਨਾਲ ਨਜਿੱਠਣ ਲਈ ਸਥਾਨਕ ਲਾਅ ਇਨਫੋਰਸਮੈਂਟ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਧਮਕੀ ਦੀ ਡੂੰਘਾਈ ਨਾਲ ਜਾਂਚ ਕਰਨਗੇ ਤੇ ਮਾਮਲੇ ਦੀ ਤਹਿ ਤੱਕ ਜਾਇਆ ਜਾਵੇਗਾ। ਡੈਨਵਰ ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਜੱਜਾਂ ਦੇ ਘਰਾਂ ਨੇੜੇ ਗਸ਼ਤ ਵਧਾ ਦਿੱਤੀ ਗਈ ਹੈ ਤੇ ਜੇਕਰ ਜੱਜਾਂ ਵੱਲੋਂ ਹੋਰ ਸੁਰੱਖਿਆ ਮੰਗੀ ਜਾਵੇਗੀ, ਤਾਂ ਉਹ ਦਿੱਤੀ ਜਾਵੇਗੀ।