-ਪੀ.ਪੀ.ਐੱਸ.ਸੀ. ਦੇ ਸਾਬਕਾ ਚੇਅਰਮੈਨ ਤੇ ਪੰਜ ਹੋਰਾਂ ਖ਼ਿਲਾਫ਼ ਕੇਸ ਦਰਜ
ਪਟਿਆਲਾ, 20 ਦਸੰਬਰ (ਪੰਜਾਬ ਮੇਲ)- ਵਿਜੀਲੈਂਸ ਬਿਊਰੋ ਵੱਲੋਂ ਡੇਢ ਦਹਾਕਾ ਪੁਰਾਣੇ 312 ਮੈਡੀਕਲ ਅਫਸਰਾਂ ਦੇ ਕਥਿਤ ਭਰਤੀ ਘੁਟਾਲੇ ਸਬੰਧੀ ‘ਪੰਜਾਬ ਪਬਲਿਕ ਸਰਵਿਸ ਕਮਿਸ਼ਨ’ (ਪੀ.ਪੀ.ਐੱਸ.ਸੀ.) ਦੇ ਸਾਬਕਾ ਚੇਅਰਮੈਨ ਮਰਹੂਮ ਐੱਸ.ਕੇ. ਸਿਨਹਾ ਅਤੇ ਕਮਿਸ਼ਨ ਦੇ ਸਾਬਕਾ ਮੈਂਬਰ ਮਰਹੂਮ ਬ੍ਰਿਗੇਡੀਅਰ ਡੀ.ਐੱਸ. ਗਰੇਵਾਲ ਸਮੇਤ ਪੰਜ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਪਟਿਆਲਾ ਸਥਿਤ ਥਾਣੇ ‘ਚ ਐੱਫ.ਆਰ.ਆਈ. ਨੰਬਰ 45 ਦੇ ਅਧੀਨ ਇਹ ਕੇਸ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 13 (1) (ਏ) ਰ/ਵ 13 (2) ਸਮੇਤ ਭਾਰਤੀ ਦੰਡਾਵਲੀ ਦੀ ਧਾਰਾ 409 ਅਤੇ 120 ਬੀ ਤਹਿਤ ਦਰਜ ਕੀਤਾ ਗਿਆ ਹੈ। ਇਸ ਕੇਸ ਵਿਚ ਨਾਮਜ਼ਦ ਸਾਬਕਾ ਵਿਧਾਇਕ ਡਾ. ਸਤਵੰਤ ਸਿੰਘ ਮੋਹੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਪਟਿਆਲਾ ਜ਼ਿਲ੍ਹੇ ਦੇ ਸ਼ੁਤਰਾਣਾ ਹਲਕੇ ਤੋਂ 1985 ‘ਚ ਵਿਧਾਇਕ ਰਹੇ ਹਨ। ਇਨ੍ਹਾਂ ਤੋਂ ਇਲਾਵਾ ਕੇਸ ਵਿਚ ਟਕਸਾਲੀ ਕਾਂਗਰਸੀ ਨੇਤਾ ਲਾਲ ਸਿੰਘ ਦੀ ਨੂੰਹ ਰਵਿੰਦਰ ਕੌਰ, ਭਾਜਪਾ ਆਗੂ ਅਨਿਲ ਸਰੀਨ ਅਤੇ ਡੀ.ਐੱਸ. ਮਾਹਲ ਨਾਮਜ਼ਦ ਹਨ। ਵਿਜੀਲੈਂਸ ਅਧਿਕਾਰੀਆਂ ਨੇ ਇਸ ਕੇਸ ਵਿਚ ਸਤਵੰਤ ਮੋਹੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ‘ਆਪ’ ਸਰਕਾਰ ਦੌਰਾਨ ਪਟਿਆਲਾ ‘ਚ ਕੇਸ ਦਰਜ ਹੋਣ ਦੀ ਇਹ ਦੂਜੀ ਵੱਡੀ ਕਾਰਵਾਈ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਭਰਤਇੰਦਰ ਚਹਿਲ ਖਿਲਾਫ਼ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕੇਸ ਦਰਜ ਹੋ ਚੁੱਕਾ ਹੈ। ਇਨ੍ਹਾਂ ਦੋਵਾਂ ਕੇਸਾਂ ਦੇ ਤਫਤੀਸ਼ੀ ਅਫਸਰ ਡੀ.ਐੱਸ.ਪੀ. ਸਤਪਾਲ ਸ਼ਰਮਾ ਹਨ। ਜ਼ਿਕਰਯੋਗ ਹੈ ਕਿ ਪੀ.ਪੀ.ਐੱਸ.ਸੀ. ਵੱਲੋਂ ਸਾਲ 2008-2009 ਦੌਰਾਨ 312 ਮੈਡੀਕਲ ਅਫਸਰਾਂ ਦੀ ਭਰਤੀ ਕੀਤੀ ਗਈ ਸੀ। ਦੋ ਪੜਾਵਾਂ ‘ਚ ਨੇਪਰੇ ਚੜ੍ਹੀ ਇਸ ਭਰਤੀ ਦੌਰਾਨ ਪਹਿਲਾਂ 100 ਅਤੇ ਫਿਰ 212 ਮੈਡੀਕਲ ਅਫਸਰ ਭਰਤੀ ਕੀਤੇ ਗਏ। ਇਨ੍ਹਾਂ ਆਸਾਮੀਆਂ ‘ਚ ਕਥਿਤ ਬੇਨਿਯਮੀਆਂ ਦੇ ਹਵਾਲੇ ਨਾਲ ਹਾਈ ਕੋਰਟ ‘ਚ ਰਿੱਟ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ। ਇਸ ਦੇ ਆਧਾਰ ‘ਤੇ ਹੀ ਹਾਈ ਕੋਰਟ ਨੇ 22 ਨਵੰਬਰ 2013 ਨੂੰ ਇਨ੍ਹਾਂ ਰਿੱਟ ਪਟੀਸ਼ਨਾਂ ਦਾ ਨਿਬੇੜਾ ਕਰਦਿਆਂ ਸਮੁੱਚੇ ਮਾਮਲੇ ਦੀ ਜਾਂਚ ਲਈ ਸਪੈਸ਼ਲ ਇਨਵੈਸ਼ਟੀਗ਼ੇਸ਼ਨ ਟੀਮ (ਸਿੱਟ) ਗਠਿਤ ਕਰਨ ਦਾ ਆਦੇਸ਼ ਦਿੱਤਾ ਸੀ।