#INDIA

Delhi ਸਰਕਾਰ ਵੱਲੋਂ ਪ੍ਰੋ. ਭੁੱਲਰ ਦੀ ਸਜ਼ਾ ਮੁਆਫ਼ੀ ਦੀ ਅਰਜ਼ੀ ਰੱਦ

ਸਜ਼ਾ ਮੁਆਫ਼ੀ ਨਾਲ ਸਬੰਧਤ ਵਿਚਾਰੇ 46 ਮਾਮਲਿਆਂ ਦੀ ਸੂਚੀ ‘ਚ ਪ੍ਰੋ. ਭੁੱਲਰ ਦਾ ਨਾਂ ਨਹੀਂ
– ਸਜ਼ਾ ਸਮੀਖਿਆ ਬੋਰਡ ਦੀ ਮੀਟਿੰਗ ‘ਚ ਲਿਆ ਫ਼ੈਸਲਾ
ਨਵੀਂ ਦਿੱਲੀ, 24 ਜਨਵਰੀ (ਪੰਜਾਬ ਮੇਲ)- ਦਿੱਲੀ ਸਰਕਾਰ ਦੇ ਸਜ਼ਾ ਸਮੀਖਿਆ ਬੋਰਡ (ਐੱਸ.ਆਰ.ਬੀ.) ਨੇ 1993 ਦੇ ਦਿੱਲੀ ਬੰਬ ਧਮਾਕਿਆਂ ਦੇ ਦੋਸ਼ੀ ਦਵਿੰਦਰਪਾਲ ਸਿੰਘ ਭੁੱਲਰ ਦੀ ਰਹਿੰਦੀ ਸਜ਼ਾ ਦੀ ਮੁਆਫ਼ੀ ਦੀ ਮੰਗ ਰੱਦ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਬੋਰਡ ਦੀ ਇਸ ਮੀਟਿੰਗ ਬਾਰੇ ਜਾਣਕਾਰੀ ਦਿੱਲੀ ਦੇ ਜੇਲ੍ਹ ਮਹਿਕਮੇ ਨੇ ਬੀਤੇ ਦਿਨੀਂ ਆਪਣੀ ਸਾਈਟ ‘ਤੇ ਪਾਈ ਸੀ। ਦਿੱਲੀ ਸਰਕਾਰ ਦੇ ਗ੍ਰਹਿ ਮਹਿਕਮੇ ਵੱਲੋਂ ਇਸ ਬਾਰੇ ਜੇਲ੍ਹ ਅਧਿਕਾਰੀਆਂ ਨੂੰ ਵੀ 19 ਜਨਵਰੀ ਨੂੰ ਪੱਤਰ ਲਿਖਿਆ ਗਿਆ ਸੀ। ਦੱਸਿਆ ਗਿਆ ਹੈ ਕਿ ਇਸ ਬੈਠਕ ਵਿਚ ਸਜ਼ਾ ਮੁਆਫ਼ੀ ਨਾਲ ਸਬੰਧਤ 46 ਮਾਮਲੇ ਵਿਚਾਰੇ ਗਏ। ਇਨ੍ਹਾਂ ਵਿਚੋਂ 14 ਮਾਮਲਿਆਂ ਵਿਚ ਬੋਰਡ ਵੱਲੋਂ ਬੰਦੀਆਂ ਦੀ ਰਿਹਾਈ ਦਾ ਫ਼ੈਸਲਾ ਕੀਤਾ ਗਿਆ। ਸੂਤਰਾਂ ਮੁਤਾਬਕ ਰਿਹਾਈ ਵਾਲੀ ਸੂਚੀ ਵਿਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਨਾਂ ਸ਼ਾਮਲ ਨਹੀਂ ਹੈ। ਨਾਲ ਇਹ ਵੀ ਨਹੀਂ ਦੱਸਿਆ ਗਿਆ ਕਿ ਪ੍ਰੋ. ਭੁੱਲਰ ਦੀ ਅਰਜ਼ੀ ਰੱਦ ਕਰਨ ਦਾ ਕੀ ਕਾਰਨ ਰਿਹਾ। ਸਿੱਖ ਜਥੇਬੰਦੀਆਂ ਵੱਲੋਂ ਦਿੱਲੀ ਸਰਕਾਰ ਉੱਪਰ ਜ਼ੋਰ ਪਾਇਆ ਜਾਂਦਾ ਹੈ ਕਿ ਪ੍ਰੋ. ਭੁੱਲਰ ਦੀ ਮਾੜੀ ਸਿਹਤ ਕਾਰਨ ਉਸ ਨੂੰ ਰਿਹਾਅ ਕਰ ਦਿੱਤਾ ਜਾਵੇ। ਸੂਤਰਾਂ ਮੁਤਾਬਕ 14 ਦਸੰਬਰ 2022 ਨੂੰ ਹੋਈ ਇੱਕ ਮੀਟਿੰਗ ਵਿਚ ਇਹ ਵੀ ਵਿਚਾਰਿਆ ਗਿਆ ਸੀ ਕਿ ਪ੍ਰੋ. ਭੁੱਲਰ ਨੂੰ ਪਹਿਲਾਂ ਰਿਹਾਅ ਕਰਨ ਬਾਰੇ ਅੰਮ੍ਰਿਤਸਰ ਪੁਲਿਸ ਵੱਲੋਂ ਨਾ ਹੀ ਵਿਰੋਧ ਕੀਤਾ ਗਿਆ ਸੀ ਅਤੇ ਨਾ ਹੀ ਸਮਰਥਨ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਅੰਮ੍ਰਿਤਸਰ ਦੇ ਡੀ.ਸੀ. ਤੇ ਪੁਲਿਸ ਕਮਿਸ਼ਨਰ ਅਤੇ ਅੰਮ੍ਰਿਤਸਰ ਜੇਲ੍ਹ ਦੇ ਅਧਿਕਾਰੀ ਪ੍ਰੋ. ਭੁੱਲਰ ਦੀ ਰਿਹਾਈ ਦੇ ਪੱਖ ‘ਚ ਸਨ। ਭਗਵੰਤ ਮਾਨ ਸਰਕਾਰ ਵੀ ਪ੍ਰੋ. ਭੁੱਲਰ ਦੀ ਰਿਹਾਈ ਦੇ ਪੱਖ ਵਿਚ ਦੱਸੀ ਜਾਂਦੀ ਹੈ ਤੇ ਕੇਂਦਰ ਸਰਕਾਰ ਨੇ ਪ੍ਰੋ. ਭੁੱਲਰ ਦੀ ਰਿਹਾਈ ਦੀ ਸਹਿਮਤੀ ਦਿੱਤੀ ਹੋਈ ਹੈ। ਦਿੱਲੀ ਦੇ ਸਿੱਖ ਆਗੂ ਪਰਮਜੀਤ ਸਿੰਘ ਸਰਨਾ ਨੇ ਪ੍ਰੋ. ਭੁੱਲਰ ਦੀ ਸਜ਼ਾ ਮੁਆਫ਼ ਕਰਕੇ ਪਹਿਲਾਂ ਰਿਹਾਈ ਕਰਨ ਦੀ ਮੰਗ ਨਾ ਮੰਨੇ ਜਾਣ ‘ਤੇ ਕੇਜਰੀਵਾਲ ਸਰਕਾਰ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ‘ਆਪ’ ਦੀ ਸਾਂਝੀ ਰਾਜਸੀ ਵਿਚਾਰਧਾਰਾ ਹੈ ਤੇ ‘ਆਪ’ ਭਾਜਪਾ ਦੀ ‘ਬੀ ਟੀਮ’ ਹੈ।

ਪ੍ਰੋ. ਭੁੱਲਰ ਦੀ ਰਿਹਾਈ ਦੇ ਮੁੱਦੇ ‘ਤੇ ਅਕਾਲੀ ਦਲ ਨੇ ਲੋਕਾਂ ਨੂੰ ਗੁਮਰਾਹ ਕੀਤਾ: ‘ਆਪ’
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪ੍ਰੋ. ਦਵਿੰਦਰ ਪਾਲ ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਮੁੱਦੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ‘ਤੇ ਨਿਸ਼ਾਨਾ ਸੇਧਿਆ ਹੈ। ‘ਆਪ’ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਲੋਕਾਂ ਨੂੰ ਗੁਮਰਾਹ ਕਰਨ ਦੇ ਦੋਸ਼ ਲਗਾਏ ਹਨ। ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਅਕਾਲੀ ਦਲ ਦੇ ਇਹ ਦੋਵੇਂ ਆਗੂ ਆਪਣੇ ਸਿਆਸੀ ਫਾਇਦੇ ਲਈ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ‘ਤੇ ਸਿਆਸਤ ਕਰ ਰਹੇ ਹਨ। ਸ਼੍ਰੀ ਕੰਗ ਨੇ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ਲਈ ਸੱਤ ਮੈਂਬਰੀ ਸਜ਼ਾ ਰਿਵਿਊ ਬੋਰਡ ਹੈ। ਇਸ ਵਿਚ ‘ਆਪ’ ਦੇ ਦਿੱਲੀ ਤੋਂ ਕੈਬਨਿਟ ਮੰਤਰੀ ਕੈਲਾਸ਼ ਗਹਿਲੋਤ ਮੈਂਬਰ ਹਨ ਅਤੇ ਛੇ ਮੈਂਬਰ ਭਾਜਪਾ ਨਾਲ ਸਬੰਧਤ ਹਨ, ਜੋ ਸ਼੍ਰੋਮਣੀ ਅਕਾਲੀ ਦਲ ਦਾ ਪੁਰਾਣਾ ਸਹਿਯੋਗੀ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਪ੍ਰੋ. ਭੁੱਲਰ ਦੀ ਰਿਹਾਈ ਦੀ ਮੰਗ ਸਿਰਫ਼ ‘ਆਪ’ ਮੰਤਰੀ ਨੇ ਕੀਤੀ ਸੀ।

ਰਿਹਾਈ ਮੁੜ ਰੱਦ ਹੋਣ ‘ਤੇ ਭੁੱਲਰ ਦੀ ਪਤਨੀ ਨਿਰਾਸ਼
ਅੰਮ੍ਰਿਤਸਰ : ਦਿੱਲੀ ‘ਚ 1993 ਵਿਚ ਹੋਏ ਬੰਬ ਧਮਾਕੇ ਦੇ ਦੋਸ਼ੀ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ਨੂੰ ਦਿੱਲੀ ਸਰਕਾਰ ਦੇ ਸਜ਼ਾ ਸਮੀਖਿਆ ਬੋਰਡ (ਐੱਸ.ਆਰ.ਬੀ.) ਵਲੋਂ ਇਕ ਵਾਰ ਮੁੜ ਟਾਲਣ ‘ਤੇ ਉਸ ਦੀ ਪਤਨੀ ਨਵਨੀਤ ਕੌਰ ਨਿਰਾਸ਼ ਹੈ। ਨਵਨੀਤ ਕੌਰ ਨੇ ਕਿਹਾ ਕਿ ਇਸ ਮਾਮਲੇ ਵਿਚ ਰਾਜਸੀ ਇੱਛਾ ਸ਼ਕਤੀ ਦੀ ਘਾਟ ਹੀ ਉਸ ਦੇ ਬਿਮਾਰ ਪਤੀ ਦੀ ਰਿਹਾਈ ਵਿਚ ਰੁਕਾਵਟ ਬਣ ਰਹੀ ਹੈ। ਪ੍ਰੋ. ਭੁੱਲਰ ਪਿਛਲੇ 13 ਸਾਲਾਂ ਤੋਂ ਸਿਜ਼ੋਫਰੀਨੀਆ (ਮਾਨਸਿਕ ਵਿਕਾਰ) ਤੋਂ ਪੀੜਤ ਹੈ ਅਤੇ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਅਧੀਨ ਹੈ। ਨਵਨੀਤ ਕੌਰ ਨੇ ਕਿਹਾ ਕਿ ਪੇਸ਼ੇਵਰ ਨਰਸ ਹੈ ਅਤੇ ਇੱਥੇ ਸ਼ਿਫਟ ਹੋਣ ਤੋਂ ਪਹਿਲਾਂ ਉਸ ਨੇ ਕੈਨੇਡਾ ਵਿਚ 24 ਸਾਲ ਨਰਸ ਵਜੋਂ ਕੰਮ ਕੀਤਾ ਹੈ। ਜੇ ਦਵਿੰਦਰ ਪਾਲ ਘਰ ਵਿਚ ਉਸ ਨਾਲ ਹੁੰਦਾ ਤਾਂ ਉਸ ਤੋਂ ਵਧੀਆ ਉਸ ਦੀ ਹੋਰ ਕੌਣ ਸਾਂਭ ਸੰਭਾਲ ਕਰ ਸਕਦਾ ਸੀ ਪਰ ਅਜਿਹਾ ਰਾਜਨੀਤਕ ਲੋਕਾਂ ਕਾਰਨ ਨਹੀਂ ਹੋ ਸਕਿਆ। ਉਸ ਨੇ ਹੁਣ ਸਿਆਸੀ ਆਗੂਆਂ ਕੋਲ ਜਾਣਾ ਬੰਦ ਕਰ ਦਿੱਤਾ ਹੈ ਕਿਉਂਕਿ ਇਹ ਸਾਰੇ ਸਿਰਫ ਖੋਖਲੇ ਵਾਅਦੇ ਹੀ ਕਰਦੇ ਹਨ। ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਿਲ ਚੁੱਕੀ ਹੈ ਪਰ ਸਿਰਫ ਭਰੋਸਾ ਹੀ ਦਿੱਤਾ ਗਿਆ ਹੈ।