#PUNJAB

D.S.P. ਗਗਨਦੀਪ ਭੁੱਲਰ ਵੱਲੋਂ ਸਰਵਿਸ ਰਿਵਾਲਵਰ ਨਾਲ ਆਤਮ ਹੱਤਿਆ

ਪਟਿਆਲਾ, 20 ਦਸੰਬਰ (ਪੰਜਾਬ ਮੇਲ)- ਪੰਜਾਬ ਪੁਲਿਸ ਦੇ ਡਿਪਟੀ ਸੁਪਰੀਡੈਂਟ ਨੇ ਬੀਤੀ ਰਾਤ ਆਪਣੇ ਗ੍ਰਹਿ ਵਿਖੇ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਡੀ.ਐੱਸ.ਪੀ. ਦੀ ਉਮਰ 36 ਸਾਲ ਸੀ ਅਤੇ ਉਹ ਪਟਿਆਲਾ ਵਿਖੇ ਕਮਾਂਡੋ ਸੈਂਟਰ ਬਹਾਦਰਗੜ੍ਹ ਵਿਚ ਤਾਇਨਾਤ ਸੀ। ਗੋਲੀ ਚੱਲਣ ਦੀ ਆਵਾਜ਼ ਸਭ ਤੋਂ ਪਹਿਲਾਂ ਉਨ੍ਹਾਂ ਦੇ ਗੁਆਂਢ ਰਹਿੰਦੇ ਲੋਕਾਂ ਨੇ ਸੁਣੀ। ਉਪਰੰਤ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਸ. ਭੁੱਲਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ, ਪਟਿਆਲਾ ਵਿਖੇ ਲਿਜਾਇਆ ਗਿਆ।
ਸ਼ੁਰੂਆਤੀ ਜਾਂਚ ਮੁਤਾਬਕ ਇਹ ਗੋਲੀ ਬੱਤੀ ਬੋਰ ਦੇ ਰਿਵਾਲਵਰ ਵਿਚੋਂ ਚੱਲੀ ਤੇ ਡੀ.ਐੱਸ.ਪੀ. ਦੇ ਸਿਰ ਵਿਚ ਵੱਜੀ ਦੱਸੀ ਜਾ ਰਹੀ ਹੈ।
ਪਟਿਆਲਾ ਦੇ ਐੱਸ.ਐੱਸ.ਪੀ. ਦੀਪਕ ਪਾਰੀਕ ਨੇ ਦੱਸਿਆ ਕਿ ਡੀ.ਐੱਸ.ਪੀ. ਗਗਨਦੀਪ ਸਿੰਘ ਭੁੱਲਰ ਨੇ ਸਰਵਿਸ ਰਿਵਾਲਵਰ ਨਾਲ ਆਤਮ ਹੱਤਿਆ ਕੀਤੀ ਹੈ, ਪਰ ਅਸਲ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਇਸ ਬਾਰੇ ਜਾਂਚ ਚੱਲ ਰਹੀ ਹੈ।