#EUROPE

Covid ਕਾਰਨ ਦਸੰਬਰ ‘ਚ ਕਰੀਬ 10 ਹਜ਼ਾਰ ਮੌਤਾਂ ਹੋਈਆਂ: W.H.O

ਜਨੇਵਾ, 12 ਜਨਵਰੀ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਡਬਲਯੂ.ਐੱਚ.ਓ. ਨੇ ਕਿਹਾ ਹੈ ਕਿ ਦਸੰਬਰ ‘ਚ ਕਰੋਨਾ ਕਾਰਨ ਕਰੀਬ 10 ਹਜ਼ਾਰ ਮੌਤਾਂ ਹੋਈਆਂ ਸਨ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੌਸ ਅਧਾਨੌਮ ਗੈਬ੍ਰਿਸਸ ਨੇ ਕਿਹਾ ਕਿ ਛੁੱਟੀਆਂ ਕਾਰਨ ਲੋਕਾਂ ਦੇ ਵੱਡੇ ਇਕੱਠ ਹੋਏ, ਜਿਸ ਕਾਰਨ ਕਰੋਨਾ ਦੇ ਕੇਸਾਂ ‘ਚ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਸੰਬਰ ਦੇ ਮਹੀਨੇ ਦੌਰਾਨ ਕਰੀਬ 50 ਮੁਲਕਾਂ ਦੇ ਹਸਪਤਾਲਾਂ ‘ਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 42 ਫ਼ੀਸਦੀ ਪਹੁੰਚ ਗਈ ਸੀ, ਜਿਨ੍ਹਾਂ ‘ਚੋਂ ਜ਼ਿਆਦਾਤਰ ਕੇਸ ਯੂਰਪ ਅਤੇ ਅਮਰੀਕਾ ਦੇ ਸ਼ਹਿਰਾਂ ਤੋਂ ਹਨ। ਗੈਬ੍ਰਿਸਸ ਨੇ ਕਿਹਾ ਕਿ ਮਹਾਮਾਰੀ ਜਦੋਂ ਸਿਖਰ ਸੀ, ਤਾਂ ਉਸ ਦੇ ਮੁਕਾਬਲੇ ‘ਚ ਇਹ ਮੌਤਾਂ ਬਹੁਤ ਘੱਟ ਹਨ ਪਰ ਇਨ੍ਹਾਂ ਮੌਤਾਂ ਨੂੰ ਰੋਕਿਆ ਜਾ ਸਕਦਾ ਸੀ। ਉਨ੍ਹਾਂ ਸਰਕਾਰਾਂ ਨੂੰ ਨਿਗਰਾਨੀ ਰੱਖਣ ਦਾ ਸੱਦਾ ਦਿੰਦਿਆਂ ਕਿਹਾ ਕਿ ਹੋਰ ਥਾਵਾਂ ‘ਤੇ ਵੀ ਕੇਸਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਲੋਕਾਂ ਨੂੰ ਇਲਾਜ ਤੇ ਵੈਕਸੀਨ ਲਗਾਤਾਰ ਮੁਹੱਈਆ ਕਰਵਾਈ ਜਾਂਦੀ ਰਹੇ। ਟੈਡਰੋਸ ਨੇ ਕਿਹਾ ਕਿ ਜੇ.ਐੱਨ.1 ਵੇਰੀਐਂਟ ਹੁਣ ਦੁਨੀਆਂ ‘ਚ ਫੈਲ ਰਿਹਾ ਹੈ ਅਤੇ ਇਹ ਓਮੀਕ੍ਰੋਨ ਕਿਸਮ ਵਾਲਾ ਹੈ, ਜਿਸ ਕਾਰਨ ਮੌਜੂਦਾ ਵੈਕਸੀਨ ਨਾਲ ਕੁਝ ਸੁਰੱਖਿਆ ਹੋ ਸਕਦੀ ਹੈ। ਡਬਲਯੂ.ਐੱਚ.ਓ. ਦੀ ਇਕ ਹੋਰ ਮਾਹਿਰ ਮਾਰੀਆ ਵਾਨ ਕੇਰਖੋਜਵ ਨੇ ਦੁਨੀਆਂ ਭਰ ‘ਚ ਕਰੋਨਾਵਾਇਰਸ ਦੇ ਨਾਲ ਨਾਲ ਫਲੂ ਅਤੇ ਨਿਮੋਨੀਆ ਨਾਲ ਸਾਹ ਦੇ ਰੋਗਾਂ ‘ਚ ਵਾਧੇ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਖੰਘ, ਜ਼ੁਕਾਮ, ਬੁਖਾਰ ਅਤੇ ਥਕਾਵਟ ਸਰਦੀਆਂ ‘ਚ ਹੋਣਾ ਨਵੀਂ ਗੱਲ ਨਹੀਂ ਹੈ ਪਰ ਉਨ੍ਹਾਂ ਲੋਕਾਂ ਨੂੰ ਟੀਕੇ ਲਗਵਾਉਣ ਅਤੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ।
ਦੇਸ਼ ‘ਚ ਨਵੇਂ ਸਰੂਪ ਦੇ 827 ਕੇਸ ਸਾਹਮਣੇ ਆਏ
ਨਵੀਂ ਦਿੱਲੀ: ਕੋਵਿਡ-19 ਦੇ ਸਬ-ਵੇਰੀਐਂਟ ਜੇ.ਐੱਨ.1 ਦੇ ਹੁਣ ਤੱਕ 12 ਸੂਬਿਆਂ ‘ਚ 827 ਕੇਸ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਕਿਹਾ ਕਿ ਸਭ ਤੋਂ ਜ਼ਿਆਦਾ 250 ਕੇਸ ਮਹਾਰਾਸ਼ਟਰ ‘ਚ ਮਿਲੇ ਹਨ। ਇਸੇ ਤਰ੍ਹਾਂ ਕਰਨਾਟਕ ‘ਚ 199, ਕੇਰਲਾ ‘ਚ 155, ਗੋਆ ‘ਚ 49, ਗੁਜਰਾਤ ‘ਚ 36, ਆਂਧਰਾ ਪ੍ਰਦੇਸ਼ ਤੇ ਰਾਜਸਥਾਨ ‘ਚ 30-30, ਤਾਮਿਲ ਨਾਡੂ ਤੇ ਤਿਲੰਗਾਨਾ ‘ਚ 26-26, ਦਿੱਲੀ ‘ਚ 22, ਉੜੀਸਾ ‘ਚ ਤਿੰਨ ਅਤੇ ਹਰਿਆਣਾ ‘ਚੋਂ ਇਕ ਕੇਸ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਕਿਹਾ ਕਿ ਕਰੋਨਾ ਦੇ ਨਵੇਂ ਸਰੂਪ ਨਾਲ ਲੋਕਾਂ ਨੂੰ ਕੋਈ ਖ਼ਤਰਾ ਨਹੀਂ ਹੈ ਅਤੇ ਉਹ ਘਰ ‘ਚ ਇਲਾਜ ਨਾਲ ਠੀਕ ਹੋ ਰਹੇ ਹਨ। ਦੇਸ਼ ‘ਚ ਕੋਵਿਡ-19 ਦੇ 514 ਨਵੇਂ ਕੇਸ ਆਏ ਹਨ, ਜਦਕਿ ਸਰਗਰਮ ਕੇਸਾਂ ਦੀ ਗਿਣਤੀ ਘੱਟ ਕੇ 3,422 ਰਹਿ ਗਈ ਹੈ।