#INDIA

Congress ਪ੍ਰਧਾਨ ਖੜਗੇ ਨੇ ਰਾਹੁਲ ਗਾਂਧੀ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਮਿਤ ਸ਼ਾਹ ਨੂੰ ਲਿਖਿਆ ਪੱਤਰ

ਨਵੀਂ ਦਿੱਲੀ, 24 ਜਨਵਰੀ (ਪੰਜਾਬ ਮੇਲ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਆਸਾਮ ‘ਚ ਪਾਰਟੀ ਆਗੂ ਰਾਹੁਲ ਗਾਂਧੀ ਅਤੇ ‘ਭਾਰਤ ਜੋੜੋ ਯਾਤਰਾ’ ‘ਚ ਸ਼ਾਮਲ ਹੋਰ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਦਖ਼ਲਅੰਦਾਜੀ ਕਰਨ। ਖੜਗੇ ਨੇ 23 ਜਨਵਰੀ ਦੀ ਤਾਰੀਖ਼ ਵਾਲੇ ਇਸ ਪੱਤਰ ਵਿਚ ਦਾਅਵਾ ਕੀਤਾ ਕਿ ਕਈ ਮੌਕਿਆਂ ‘ਤੇ ਆਸਾਮ ਪੁਲਿਸ ਯੋਜਨਾਬੱਧ ਢੰਗ ਨਾਲ ਖੜ੍ਹੀ ਰਹੀ ਜਾਂ ਫਿਰ ਉਸ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਸੁਰੱਖਿਆ ਘੇਰੇ ਤੋੜਦੇ ਹੋਏ ਰਾਹੁਲ ਗਾਂਧੀ ਨੇੜੇ ਪਹੁੰਚਣ ਦਿੱਤਾ। ਖੜਗੇ ਮੁਤਾਬਕ ਤੌਰ ‘ਤੇ ਸਬੂਤ ਉਪਲੱਬਧ ਹੋਣ ਦੇ ਬਾਵਜੂਦ ਹੁਣ ਤੱਕ ਕਿਸੇ ਵੀ ਸ਼ਰਾਰਤੀ ਅਨਸਰ ਦੀ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਕਈ ਮਾਮਲਿਆਂ ‘ਚ ਜਾਂਚ ਸ਼ੁਰੂ ਨਹੀਂ ਹੋਈ।
ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਆਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਅਤੇ ਪੁਲਿਸ ਡਾਇਰੈਕਟਰ ਜਨਰਲ ਜੀ.ਪੀ. ਸਿੰਘ ਨੂੰ ਇਹ ਯਕੀਨੀ ਕਰਨ ਦੇ ਨਿਰਦੇਸ਼ ਦੇਣ ਕਿ ਅੱਗੇ ਅਜਿਹੀ ਕੋਈ ਘਟਨਾ ਨਾ ਹੋਵੇ, ਜਿਸ ਨਾਲ ਰਾਹੁਲ ਗਾਂਧੀ ਜਾਂ ‘ਭਾਰਤ ਜੋੜੋ ਨਿਆਂ ਯਾਤਰਾ’ ‘ਚ ਸ਼ਾਮਲ ਹੋਰ ਕਿਸੇ ਮੈਂਬਰ ਨੂੰ ਗੰਭੀਰ ਸੱਟ ਪਹੁੰਚੇ। ਖੜਗੇ ਨੇ ਚਿੱਠੀ ‘ਚ ਆਸਾਮ ‘ਚ ਪਿਛਲੇ ਕੁਝ ਦਿਨਾਂ ਦੌਰਾਨ ਹੋਈਆਂ ਘਟਨਾਵਾਂ ਦਾ ਜ਼ਿਕਰ ਕੀਤਾ। ਆਸਾਮ ਪੁਲਿਸ ਨੇ ਹਿੰਸਾ ‘ਚ ਸ਼ਾਮਲ ਹੋਣ ਦੇ ਦੋਸ਼ ‘ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੇ ਹੋਰ ਨੇਤਾਵਾਂ ਖ਼ਿਲਾਫ਼ ਖ਼ੁਦ ਨੋਟਿਸ ਲੈਂਦੇ ਹੋਏ ਮੰਗਲਵਾਰ ਨੂੰ ਐੱਫ.ਆਈ.ਆਰ. ਦਰਜ ਕੀਤੀ। ਆਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ। ਰਾਹੁਲ ਦੀ ਅਗਵਾਈ ਵਾਲੀ ‘ਭਾਰਤ ਜੋੜੋ ਨਿਆਂ ਯਾਤਰਾ’ ਇਸ ਸਮੇਂ ਆਸਾਮ ‘ਚ ਹੈ। ਹਿੰਸਾ ਦੀਆਂ ਘਟਨਾਵਾਂ ਉਸ ਸਮੇਂ ਹੋਈਆਂ, ਜਦੋਂ ਪਾਰਟੀ ਸਮਰਥਕਾਂ ਅਤੇ ਨੇਤਾਵਾਂ ਨੇ ਗੁਹਾਟੀ ‘ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ‘ਚ ਬੈਰੀਕੇਡ ਤੋੜ ਦਿੱਤੇ ਅਤੇ ਪੁਲਿਸ ਮੁਲਾਜ਼ਮਾਂ ਨਾਲ ਝੜਪ ਕੀਤੀ। ਗੁਹਾਟੀ ਦੇ ਪੁਲਿਸ ਕਮਿਸ਼ਨਰ ਦਿਗੰਤ ਬੋਰਾ ਨੇ ਦੱਸਿਆ ਕਿ ਇਸ ਝੜਪ ‘ਚ ਚਾਰ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।