#PUNJAB

CM ਭਗਵੰਤ ਮਾਨ ਦੇ ਇਲਜ਼ਾਮਾਂ ‘ਤੇ ਚਰਨਜੀਤ ਚੰਨੀ ਦਾ ਜਵਾਬ , CM ਵੱਲੋਂ ਲਾਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ

ਚੰਡੀਗੜ੍ਹ, 1 ਜੂਨ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਏ ਇਲਜ਼ਾਮਾਂ ‘ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਜਵਾਬ ਦਿੱਤਾ ਹੈ। ਚਰਨਜੀਤ ਸਿੰਘ ਚੰਨੀ ਨੇ CM ਮਾਨ ਦੇ ਸਬੂਤਾਂ ‘ਤੇ ਸਫਾਈ ਦਿੰਦਿਆਂ ਕਿਹਾ ਕਿ ਕ੍ਰਿਕਟਰ ਜਸਇੰਦਰ ਸਿੰਘ ਨੌਕਰੀ ਦਾ ਹੱਕਦਾਰ ਨਹੀਂ ਸੀ ,ਇਸ ਕਰਕੇ ਨੌਕਰੀ ਨਹੀਂ ਦਿੱਤੀ।

ਚੰਨੀ ਨੇ ਅੱਗੇ ਕਿਹਾ ਕਿ ਜੇਕਰ ਕ੍ਰਿਕਟ ਖ਼ਿਡਾਰੀ ਜਸਇੰਦਰ ਸਿੰਘ ਜੋ ਕਿ ਮੇਰੇ ’ਤੇ ਝੂਠੇ ਇਲਜ਼ਾਮ ਲਗਾ ਰਿਹਾ ਹੈ, ਨੂੰ ਪਤਾ ਸੀ ਕਿ ਉਸਦਾ ਕੇਸ ਬਿਲਕੁੱਲ ਠੀਕ ਹੈ ਅਤੇ ਉਸਦੀ ਨੌਕਰੀ ਬਣਦੀ ਹੈ ਤਾਂ ਉਹ ਪਿਛਲੇ ਡੇਢ ਸਾਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅਸਲੀ ਗੱਲ ਇਹ ਹੋ ਸਕਦੀ ਹੈ ਕਿ ਉਹ ਭਗਵੰਤ ਮਾਨ ਕੋਲ ਆਇਆ ਹੋਵੇਗਾ ਤੇ ਉਨ੍ਹਾਂ ਕਹਿ ਦਿੱਤਾ ਹੋਣਾ ਨੌਕਰੀ ਦੇ ਦਿੰਦੇ ਹਾਂ ਵੀ ,ਇਸ ਤਰ੍ਹਾਂ ਕਰਨਾ ਪਵੇਗਾ। ਚੰਨੀ ਨੇ ਅੱਗੇ ਕਿਹਾ ਕਿ ਇਕ ਸੋਚੀ ਸਮਝੀ ਸ਼ਾਜਿਸ਼ ਤਹਿਤ ਇਹ ਸਭ ਕੁੱਝ ਕੀਤਾ ਜਾ ਰਿਹਾ ਹੈ। ਉਨ੍ਹਾਂ ਇਕ ਲਿੰਕ ਦਿਖਾਉਂਦੇ ਹੋਏ ਕਿਹਾ ਕਿ ਇਹ ਬੰਦਾ ਪਹਿਲਾਂ ਅਦਾਲਤ ਗਿਆ ਸੀ, ਜਿਸ ਨੂੰ ਹਾਈਕੋਰਟ ਨੇ ਰੱਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਿਸ ਨੂੰ ਹਾਈਕੋਰਟ ਨੇ ਰੱਦ ਕਰ ਦਿੱਤਾ ,ਉਸ ਨੂੰ ਕਿਵੇਂ ਨੌਕਰੀ ਦੇ ਦੇਵਾਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੇਰੇ ਖਿਲਾਫ ਝੂਠਾ ਬੰਦਾ ਖੜ੍ਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਕਦੇ ਕਿਸੇ ਨੂੰ ਨਹੀਂ ਕਿਹਾ ਕਿ ਤੁਸੀਂ ਮੇਰੇ ਭਾਣਜੇ ਜਾਂ ਭਤੀਜੇ ਨੂੰ ਮਿਲੋ। ਉਨ੍ਹਾਂ ਅੱਗੇ ਕਿਹਾ ਕਿ ਮੇਰੇ ਭਤੀਜੇ ਦਾ ਸਾਰਾ ਪਰਿਵਾਰ ਡਾਕਟਰ ਹੈ ਅਤੇ ਖ਼ੁਦ ਮੇਰਾ ਭਤੀਜਾ ਵੀ ਡਾਕਟਰ ਦੀ ਨੌਕਰੀ ਕਰ ਰਿਹਾ ਹੈ ਅਤੇ ਉਹ ਉਸ ਸਮੇਂ ਵੀ ਨੌਕਰੀ ਕਰ ਰਿਹਾ ਸੀ। ਚੰਨੀ ਨੇ ਅੱਗੇ ਕਿਹਾ ਕਿ ਕਾਂਗਰਸ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। ਬਤੌਰ ਸੀ ਐਮ ਬਹੁਤ ਸਾਰੇ ਲੋਕਾਂ ਨਾਲ ਮੇਰੀਆਂ ਫੋਟੋਆਂ ਹਨ। ਉਨ੍ਹਾਂ ਕਿਹਾ ਕਿ ਨੌਕਰੀ ਬਦਲੇ ਮੈਨੂੰ ਬਦਨਾਮ ਕਰਨ ਦੀ ਸ਼ਰਤ ਰੱਖੀ ਗਈ ਹੋਵੇਗੀ ਅਤੇ ਭਗਵੰਤ ਮਾਨ ਨੇ ਸ਼ਰਤ ਰੱਖ ਕੇ ਇਲਜ਼ਾਮ ਲਗਵਾਏ ਹਨ। ਸੀਐਮ ਦੀ ਮਨਸ਼ਾ ਮੈਨੂੰ ਬਦਨਾਮ ਕਰਨ ਦੀ ਹੈ। ਮੈਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਚੰਨੀ ਦਾ ਭਤੀਜਾ ਜਸ਼ਨ ਵੀ ਨਾਲ ਮੌਜੂਦ ਸੀ। ਦੱਸ ਦੇਈਏ ਕਿ ਚੰਨੀ ਨੂੰ ਦਿੱਤੇ ਅਲਟੀਮੇਟਮ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਅਹਿਮ ਖੁਲਾਸੇ ਕੀਤੇ ਗਏ ਸਨ।

Leave a comment