#INDIA #PUNJAB

CM ਭਗਵੰਤ ਮਾਨ ਰਾਮ ਲੀਲਾ ਮੈਦਾਨ ਤੋਂ ਗਰਜੇ

ਨਵੀਂ ਦਿੱਲੀ/ਚੰਡੀਗੜ੍ਹ, 31 ਮਾਰਚ (ਪੰਜਾਬ ਮੇਲ)- ਦਿੱਲੀ ਦੇ ਰਾਮ ਲੀਲਾ ਮੈਦਾਨ ਵਿਖੇ ਇੰਡੀਆ ਗਠਜੋੜ ਵਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਰੱਖੀ ਗਈ ਮਹਾ ਰੈਲੀ ਦੌਰਾਨ ਗਰਜਦੇ ਹੋਏ ਮੁੱਖ ਮੰਤਰੀ ਮਾਨ ਨੇ ਭਾਜਪਾ ‘ਤੇ ਖੂਬ ਰਗੜੇ ਲਾਏ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦੇਸ਼ ਦਾ ਲੋਕਤੰਤਰ ਖ਼ਤਰੇ ‘ਚ ਹੈ। ਭਾਜਪਾ ਵਾਲਿਆਂ ਨੂੰ ਲੱਗਦਾ ਹੈ ਕਿ ਇਸ ਨੂੰ ਉਹ ਡੰਡੇ ਨਾਲ ਚਲਾ ਲੈਣਗੇ ਪਰ ਇਹ ਦੇਸ਼ ਕਿਸੇ ਦੇ ਬਾਪ ਦੀ ਜਾਗੀਰ ਨਹੀਂ ਹੈ। ਇਹ 140 ਕਰੋੜ ਲੋਕਾਂ ਦਾ ਦੇਸ਼ ਹੈ। ਇਹ ਆਜ਼ਾਦੀ ਸਾਨੂੰ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ ਵਰਗੇ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਲੈ ਕੇ ਦਿੱਤੀ ਹੈ। ਇਹ ਕੀ ਸਮਝਦੇ ਹਨ ਕਿ ਜਿਹੜੀ ਮਰਜ਼ੀ ਪਾਰਟੀ ਦੇ ਆਗੂ ਨੂੰ ਅੰਦਰ ਕਰ ਦਿਓ, ਜਿਹੜੀ ਮਰਜ਼ੀ ਪਾਰਟੀ ਦੇ ਖ਼ਾਤਿਆਂ ਨੂੰ ਫਰੀਜ਼ ਕਰ ਦਿਓ, ਇੰਝ ਨਹੀਂ ਚੱਲੇਗਾ। ਮੁੱਖ ਮੰਤਰੀ ਨੇ ਸ਼ਾਇਰਾਨਾ ਅੰਦਾਜ਼ ‘ਚ ਕਿਹਾ, ‘ਹਕੂਮਤ ਵੋ ਕਰਤੇ ਹੈਂ, ਜਿਨਕਾ ਦਿਲੋਂ ਪਰ ਰਾਜ ਹੋਤਾ ਹੈ, ਯੂੰ ਕਹਿਨੇ ਕੋ ਤੋ ਮੁਰਗੇ ਕੇ ਸਿਰ ਪੇ ਵੀ ਤਾਜ ਹੋਤਾ ਹੈ’। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਆਪਣੀ ਔਕਾਤ ‘ਚ ਰਹਿਣ। ਕੋਈ ਪਤਾ ਨਹੀਂ ਕਿਸ ਘਰ ‘ਚ ਲੋਕਾਂ ਨੇ ਕਿਸ ਨੂੰ ਪਹੁੰਚਾਉਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਪਤਨੀ ਸੁਨੀਤਾ ਕੇਜਰੀਵਾਲ ਨੇ ਬਹੁਤ ਦੁੱਖ ਝੱਲੇ ਹਨ ਪਰ ਫਿਰ ਵੀ ਉਨ੍ਹਾਂ ‘ਚ ਬਹੁਤ ਹੌਂਸਲਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਭ ਤੋਂ ਵਧੀਆ ਗੱਲ ਲੋਕਾਂ ਦਾ ਪਿਆਰ ਹੁੰਦਾ ਹੈ, ਇਹ ਤਾੜੀਆ ਕਿਸੇ ਨੂੰ ਐਵੇਂ ਹੀ ਨਹੀਂ ਮਿਲਦੀਆਂ ਅਤੇ ਦਿਹਾੜੀਆਂ ਦੇ ਕੇ ਮੋਦੀ-ਮੋਦੀ ਕਰਾਉਣਾ ਬਹੁਤ ਸੌਖਾ ਹੈ।