ਨਾਨਜਿੰਗ, 24 ਫਰਵਰੀ (ਪੰਜਾਬ ਮੇਲ) – ਪੂਰਬੀ ਚੀਨ ਦੇ ਜਿਆਂਗਸੂ ਸੂਬੇ ਦੀ ਰਾਜਧਾਨੀ ਨਾਨਜਿੰਗ ਵਿਚ ਸ਼ੁੱਕਰਵਾਰ ਸਵੇਰੇ ਇਕ ਇਮਾਰਤ ਵਿਚ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਅਤੇ 44 ਹੋਰ ਲੋਕ ਜ਼ਖ਼ਮੀ ਹੋ ਗਏ। ਸ਼ੁੱਕਰਵਾਰ ਸਵੇਰੇ ਕਰੀਬ 4:39 ਵਜੇ ਸਥਾਨਕ ਫਾਇਰ ਵਿਭਾਗ ਨੂੰ ਯੁਹੂਤਾਈ ਜ਼ਿਲ੍ਹੇ ਦੀ ਇੱਕ ਰਿਹਾਇਸ਼ੀ ਇਮਾਰਤ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ। ਬਚਾਅ ਕਰਮਚਾਰੀਆਂ ਨੇ ਸਵੇਰੇ ਕਰੀਬ 6 ਵਜੇ ਅੱਗ ਬੁਝਾਈ ਅਤੇ ਦੁਪਹਿਰ 2 ਵਜੇ ਦੇ ਕਰੀਬ ਘਟਨਾ ਸਥਾਨ ‘ਤੇ ਖੋਜ ਅਤੇ ਬਚਾਅ ਕਾਰਜ ਸਮਾਪਤ ਹੋ ਗਿਆ। ਜ਼ਖ਼ਮੀ ਹੋਏ 44 ਲੋਕਾਂ ਦਾ ਸਥਾਨਕ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਅੱਗ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਲੱਗੀ, ਜਿੱਥੇ ਬਿਜਲੀ ਦਾ ਸਾਮਾਨ ਰੱਖਿਆ ਹੋਇਆ ਸੀ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਚੀਨ ਵਿਚ ਕਰੀਬ ਇਕ ਮਹੀਨੇ ਵਿਚ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ। 24 ਜਨਵਰੀ ਨੂੰ ਪੂਰਬੀ ਚੀਨ ਦੇ ਜਿਆਂਗਸੀ ਸੂਬੇ ਦੇ ਸ਼ਿਨਯੂ ਸ਼ਹਿਰ ਵਿਚ ਇੱਕ ਇਮਾਰਤ ਵਿਚ ਅੱਗ ਲੱਗਣ ਕਾਰਨ 39 ਲੋਕਾਂ ਦੀ ਮੌਤ ਹੋ ਗਈ ਸੀ ਅਤੇ 9 ਹੋਰ ਜ਼ਖਮੀ ਹੋ ਗਏ ਸਨ।