ਸ਼ਿਕਾਗੋ, 23 ਜਨਵਰੀ (ਪੰਜਾਬ ਮੇਲ)- ਅਮਰੀਕਾ ਇਕ ਵਾਰ ਫਿਰ ਗੋਲੀਆਂ ਦੀ ਆਵਾਜ਼ ਨਾਲ ਹਿੱਲ ਗਿਆ ਹੈ। ਅਮਰੀਕਾ ਦੇ ਸ਼ਿਕਾਗੋ ਉਪਨਗਰਾਂ ‘ਚ ਦੋ ਵੱਖ-ਵੱਖ ਥਾਵਾਂ ‘ਤੇ ਅੱਠ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ, ਜਿਸ ਨਾਲ ਸ਼ੱਕੀ ਬੰਦੂਕਧਾਰੀ ਦੀ ਭਾਲ ਸ਼ੁਰੂ ਹੋ ਗਈ ਹੈ। ਜੋਲੀਅਟ ਵਿਲ ਕਾਉਂਟੀ ਪੁਲਿਸ ਨੇ ਕਿਹਾ ਕਿ ਉਹ ਅਜੇ ਵੀ ਹੱਤਿਆ ਦੇ ਉਦੇਸ਼ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਹਾਲਾਂਕਿ, ਪੁਲਿਸ ਨੇ 22 ਜਨਵਰੀ ਦੀ ਸ਼ਾਮ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਕਤਲ ਕਰਨ ਵਾਲਾ ਵਿਅਕਤੀ ਪੀੜਤਾਂ ਨੂੰ ਜਾਣਦਾ ਸੀ। ਪੀੜਤਾਂ ਦੀਆਂ ਲਾਸ਼ਾਂ ਐਤਵਾਰ ਅਤੇ ਸੋਮਵਾਰ ਨੂੰ ਤਿੰਨ ਵੱਖ-ਵੱਖ ਥਾਵਾਂ ਤੋਂ ਮਿਲੀਆਂ। ਹਮਲਾਵਰ ਅਜੇ ਫਰਾਰ ਹੈ। ਉਸਨੇ ਕਿਹਾ ਕਿ ਵੈਸਟ ਏਕਰਸ ਰੋਡ ਦੇ 2200 ਬਲਾਕ ਵਿਚ ਦੋ ਘਰਾਂ ਵਿੱਚ ਗੋਲੀਬਾਰੀ ਦੇ ਜ਼ਖ਼ਮਾਂ ਨਾਲ ਕਈ ਪੀੜਤਾਂ ਦੇ ਮ੍ਰਿਤਕ ਪਾਏ ਜਾਣ ਤੋਂ ਬਾਅਦ ਜਾਸੂਸ ਅਤੇ ਅਧਿਕਾਰੀ ਇੱਕ ਸਰਗਰਮ ਕਤਲੇਆਮ ਦੀ ਜਾਂਚ ਕਰ ਰਹੇ ਹਨ।
ਜੋਲੀਅਟ ਪੁਲਿਸ ਮੁਖੀ ਵਿਲੀਅਮ ਇਵਾਨਸ ਨੇ ਕਿਹਾ ਕਿ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਦੀ ਇੱਕ ਟਾਸਕ ਫੋਰਸ ਸ਼ੱਕੀ ਦੀ ਭਾਲ ਵਿਚ ਸਥਾਨਕ ਪੁਲਿਸ ਦੀ ਮਦਦ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਮਾਰੇ ਗਏ ਵਿਅਕਤੀਆਂ ਵਿਚੋਂ ਇੱਕ ਦੀ ਲਾਸ਼ ਐਤਵਾਰ ਨੂੰ ਵਿਲ ਕਾਉਂਟੀ ਦੇ ਇੱਕ ਘਰ ਵਿਚ ਮਿਲੀ। ਇਸ ਤੋਂ ਬਾਅਦ ਬਾਕੀ 7 ਲੋਕਾਂ ਦੀਆਂ ਲਾਸ਼ਾਂ ਜੌਲੀਅਟ ਸਥਿਤ ਦੋ ਘਰਾਂ ‘ਚੋਂ ਮਿਲੀਆਂ।
ਸੋਮਵਾਰ ਦੁਪਹਿਰ ਨੂੰ ਇੱਕ ਫੇਸਬੁੱਕ ਪੋਸਟ ਵਿਚ, ਜੋਲੀਅਟ ਪੁਲਿਸ ਨੇ ਕਿਹਾ ਕਿ ਉਹ ਮ੍ਰਿਤਕ ਪਾਏ ਗਏ ਲੋਕਾਂ ਦੀ ਜਾਂਚ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਸ਼ੱਕੀ ਮੁਲਜ਼ਮਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਅਤੇ ਮੁਲਜ਼ਮਾਂ ਦੀ ਗੱਡੀ ਦੀ ਪਛਾਣ ਵੀ ਕੀਤੀ। ਪੁਲਿਸ ਮੁਤਾਬਕ ਦੋਸ਼ੀ ਦਾ ਨਾਂ ਰੋਮੀਓ ਨੈਂਸ ਹੈ। ਉਸ ਦੀ ਉਮਰ ਸਿਰਫ਼ 23 ਸਾਲ ਹੈ।