#AMERICA

Chicago ‘ਚ ਭਾਰਤੀ Student ‘ਤੇ ਜਾਨਲੇਵਾ ਹਮਲਾ

– ਹਮਲਾਵਰਾਂ ਨੇ ਨੌਜਵਾਨ ਦਾ ਸਿਰ ਪਾੜਿਆ
– ਪਤਨੀ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਲਿਖੀ ਚਿੱਠੀ
ਨਿਊਯਾਰਕ, 7 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਸ਼ਿਕਾਗੋ ‘ਚ ਇੱਕ ਭਾਰਤੀ ਵਿਦਿਆਰਥੀ ‘ਤੇ ਹਮਲਾ ਹੋਇਆ ਹੈ। ਹਮਲਾਵਰਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦਾ ਫ਼ੋਨ ਚੋਰੀ ਕਰ ਲਿਆ। ਹਮਲੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਘਟਨਾ 4 ਫਰਵਰੀ ਦੀ ਦੱਸੀ ਜਾ ਰਹੀ ਹੈ। ਹੁਣ ਵਿਦਿਆਰਥੀ ਦੀ ਪਤਨੀ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਪੱਤਰ ਲਿਖਿਆ ਹੈ, ਜਿਸ ਵਿਚ ਮੰਗ ਕੀਤੀ ਗਈ ਹੈ ਕਿ ਵਿਦਿਆਰਥੀ ਦਾ ਵਧੀਆ ਮੈਡੀਕਲ ਕਰਵਾਇਆ ਜਾਵੇ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ 3 ਹਮਲਾਵਰ ਵਿਦਿਆਰਥੀ ਦਾ ਪਿੱਛਾ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਤਿੰਨਾਂ ਨੇ ਕੁੱਟਮਾਰ ਕੀਤੀ ਅਤੇ ਫੋਨ ਖੋਹ ਕੇ ਫਰਾਰ ਹੋ ਗਏ। ਖੂਨ ਨਾਲ ਲਥਪਥ ਵਿਦਿਆਰਥੀ ਵੀ ਨਜ਼ਰ ਆ ਰਿਹਾ ਹੈ। ਭਾਰਤ ਤੋਂ ਹੈਦਰਾਬਾਦ ਸ਼ਹਿਰ ਦਾ ਰਹਿਣ ਵਾਲਾ ਸਈਅਦ ਮਜ਼ਹਿਰ ਅਲੀ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਲਈ ਅਮਰੀਕਾ ਗਿਆ ਹੈ। ਇਹ ਮਾਮਲਾ ਅਜਿਹੇ ਸਮੇਂ ਵਿਚ ਸਾਹਮਣੇ ਆਇਆ ਹੈ, ਜਦੋਂ ਪਿਛਲੇ ਇੱਕ ਮਹੀਨੇ ਵਿਚ ਚਾਰ ਭਾਰਤੀ ਵਿਦਿਆਰਥੀਆਂ ਦੀ ਅਮਰੀਕਾ ਵਿਚ ਮੌਤ ਹੋ ਚੁੱਕੀ ਹੈ। ਕੈਮਰਿਆਂ ਦੀ ਫੁਟੇਜ ਵਿਚ ਭਾਰਤੀ ਵਿਦਿਆਰਥੀ ਸਈਅਦ ਮਜ਼ਹਿਰ ਅਲੀ   ਉਸ ਦੇ ਚਿਹਰੇ ‘ਤੇ ਖੂਨ ਦਿਖਾਈ ਦਿੰਦਾ ਹੈ। ਉਸ ਦੇ ਸਿਰ ਅਤੇ ਨੱਕ ‘ਤੇ ਕਾਫੀ ਸੱਟਾਂ ਲੱਗੀਆਂ ਹਨ। ਸ਼ਿਕਾਗੋ ਵਿਚ ਭਾਰਤੀ ਵਣਜ ਦੂਤਘਰ ਨੇ ਕਿਹਾ ਹੈ ਕਿ ਉਹ ਪੀੜਤ ਸਈਦ ਮਜ਼ੀਰ ਦੀ ਪਤਨੀ ਦੇ ਸੰਪਰਕ ਵਿਚ ਹੈ। ਵਿਦਿਆਰਥੀ ‘ਤੇ ਹਮਲੇ ਦੀ ਘਟਨਾ ਤੋਂ ਬਾਅਦ ਭਾਰਤੀ ਕੌਂਸਲੇਟ ਨੇ ਸਥਾਨਕ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਹੈ, ਜੋ ਮਾਮਲੇ ਦੀ ਜਾਂਚ ਕਰ ਰਹੇ ਹਨ। ਭਾਰਤੀ ਦੂਤਾਵਾਸ ਨੇ ‘ਐਕਸ’ ‘ਤੇ ਵੀ ਇਸ ਬਾਰੇ ਪੋਸਟ ਕੀਤਾ ਅਤੇ ਕਿਹਾ, ‘ਕੌਂਸਲੇਟ ਜਨਰਲ ਭਾਰਤ ਵਿਚ ਸਈਦ ਮਜ਼ਾਹਿਰ ਅਲੀ ਅਤੇ ਉਨ੍ਹਾਂ ਦੀ ਪਤਨੀ ਸਈਦਾ ਰੁਕਈਆ ਫਾਤਿਮਾ ਰਿਜ਼ਵੀ ਦੇ ਸੰਪਰਕ ਵਿਚ ਹਨ। ਅਸੀਂ ਹਰ ਸੰਭਵ ਮਦਦ ਦਾ ਉਨ੍ਹਾਂ ਭਰੋਸਾ ਦਿੱਤਾ ਹੈ।’