#INDIA

Chattisgarh ਵਿਧਾਨ ਸਭਾ ਲਈ ਨਵੇਂ ਚੁਣੇ ਗਏ 90 ਵਿਧਾਇਕਾਂ ਵਿਚੋਂ 72 ਕਰੋੜਪਤੀ

ਰਾਏਪੁਰ, 7 ਦਸੰਬਰ (ਪੰਜਾਬ ਮੇਲ)- ਛੱਤੀਸਗੜ੍ਹ ਵਿਧਾਨ ਸਭਾ ਲਈ ਨਵੇਂ ਚੁਣੇ ਗਏ 90 ਵਿਧਾਇਕਾਂ ਵਿਚੋਂ 72 ਕਰੋੜਪਤੀ ਹਨ, ਜਦਕਿ ਪਿਛਲੀ ਵਿਧਾਨ ਸਭਾ ਵਿਚ ਅਜਿਹੇ ਵਿਧਾਇਕਾਂ ਦੀ ਗਿਣਤੀ 68 ਸੀ। ਛੱਤੀਸਗੜ੍ਹ ਵਿਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ 54 ਸੀਟਾਂ ਜਿੱਤ ਕੇ ਸਰਕਾਰ ਬਣਾ ਰਹੀ ਹੈ। ਸੂਬੇ ਵਿਚ 2018 ਵਿਚ 68 ਸੀਟਾਂ ਜਿੱਤਣ ਵਾਲੀ ਕਾਂਗਰਸ 35 ਸੀਟਾਂ ਤੱਕ ਹੀ ਸੀਮਤ ਰਹਿ ਗਈ ਹੈ ਅਤੇ ਗੋਂਡਵਾਨਾ ਗਣਤੰਤਰ ਪਾਰਟੀ (ਜੀ.ਜੀ.ਪੀ.) ਪਹਿਲੀ ਵਾਰ ਇਕ ਸੀਟ ‘ਤੇ ਜਿੱਤ ਹਾਸਲ ਕਰ ਸਕੀ ਹੈ। ਗ਼ੈਰ-ਸਰਕਾਰੀ ਸੰਗਠਨ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏ.ਡੀ.ਆਰ.) ਅਤੇ ਛੱਤੀਸਗੜ੍ਹ ਇਲੈਕਸ਼ਨ ਵਾਚ ਨੇ ਰਿਪੋਰਟ ਜਾਰੀ ਕਰਦਿਆਂ ਦੱਸਿਆ ਹੈ ਕਿ ਸੂਬੇ ਦੀ ਛੇਵੀਂ ਵਿਧਾਨ ਸਭਾ ਲਈ ਹੋਈਆਂ ਚੋਣਾਂ ਵਿਚ ਚੁਣੇ ਗਏ 72 (80 ਫ਼ੀਸਦੀ) ਵਿਧਾਇਕ ਕਰੋੜਪਤੀ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਜਪਾ ਦੇ 54 ਵਿਧਾਇਕਾਂ ਵਿਚ 43 (80 ਫ਼ੀਸਦੀ) ਕਰੋੜਪਤੀ ਹਨ। ਇਨ੍ਹਾਂ ਵਿਧਾਇਕਾਂ ਨੇ ਚੋਣਾਵੀ ਹਲਫ਼ਨਾਮੇ ਦਾਇਰ ਕਰਦੇ ਸਮੇਂ ਆਪਣੀ ਜਾਇਦਾਦ ਇਕ ਕਰੋੜ ਰੁਪਏ ਤੋਂ ਵੱਧ ਐਲਾਨੀ ਸੀ। ਇਸੇ ਤਰ੍ਹਾਂ 35 ਸੀਟਾਂ ਜਿੱਤਣ ਵਾਲੀ ਕਾਂਗਰਸ ਵਿਚ ਅਜਿਹੇ ਵਿਧਾਇਕਾਂ ਦੀ ਗਿਣਤੀ 29 (83 ਫ਼ੀਸਦੀ) ਹੈ। ਰਿਪੋਰਟ ਅਨੁਸਾਰ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ 2023 ‘ਚ ਜੇਤੂ ਉਮੀਦਵਾਰਾਂ ਦੀ ਔਸਤਨ ਜਾਇਦਾਦ 5.25 ਕਰੋੜ ਰੁਪਏ ਹੈ, ਜਦਕਿ ਸਾਲ 2018 ਦੌਰਾਨ ਵਿਧਾਇਕਾਂ ਦੀ ਔਸਤ ਜਾਇਦਾਦ 11.63 ਕਰੋੜ ਰੁਪਏ ਸੀ।
ਪਹਿਲੀ ਵਾਰ ਵਿਧਾਇਕ ਚੁਣੀ ਗਈ ਭਾਜਪਾ ਦੀ ਭਵਨ ਬੋਹਰਾ (ਪੰਡਰੀਆ ਸੀਟ) 33.86 ਕਰੋੜ ਰੁਪਏ ਦੀ ਜਾਇਦਾਦ ਨਾਲ ਕਰੋੜਪਤੀ ਵਿਧਾਇਕਾਂ ਦੀ ਸੂਚੀ ਵਿਚ ਸਿਖਰ ‘ਤੇ ਹੈ। ਇਸ ਮਗਰੋਂ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਭੁਪੇਸ਼ ਬਘੇਲ (ਪਾਟਨ) 33.38 ਕਰੋੜ ਰੁਪਏ ਦੀ ਜਾਇਦਾਦ ਨਾਲ ਦੂਜੇ ਸਥਾਨ ‘ਤੇ ਹਨ। ਭਾਜਪਾ ਦੇ ਅਮਰ ਅਗਰਵਾਲ (ਬਿਲਾਸਪੁਰ) 27 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਨਾਲ ਤੀਜੇ ਸਥਾਨ ‘ਤੇ ਹੈ। ਰਿਪੋਰਟ ਵਿਚ ਸਭ ਤੋਂ ਘੱਟ ਜਾਇਦਾਦ ਵਾਲੇ ਤਿੰਨ ਵਿਧਾਇਕ ਹਨ, ਜਿਸ ਅਨੁਸਾਰ ਕਾਂਗਰਸ ਦੇ ਵਿਧਾਇਕ ਰਾਮਕੁਮਾਰ ਯਾਦਵ (ਚੰਦਰਪੁਰ) ਦੀ ਜਾਇਦਾਦ 10 ਲੱਖ ਰੁਪਏ, ਭਾਜਪਾ ਦੇ ਰਾਮਕਾਰ ਟੋਪੋ (ਸੀਤਾਪੁਰ) ਦੀ ਜਾਇਦਾਦ 13.12 ਲੱਖ ਰੁਪਏ ਅਤੇ ਪਾਰਟੀ ਦੇ ਸੰਸਦ ਮੈਂਬਰ ਗੋਮਤੀ ਸਾਈ (ਪੱਥਲਪਿੰਡ) ਦੀ ਜਾਇਦਾਦ 15.47 ਲੱਖ ਰੁਪਏ ਹੈ। ਚੰਦਰਪੁਰ ਸੀਟ ਤੋਂ ਲਗਾਤਾਰ ਦੂਜੀ ਵਾਰ ਵਿਧਾਇਕ ਚੁਣੇ ਗਏ ਯਾਦਵ ਕੋਲ ਸਾਰੇ 90 ਵਿਧਾਇਕਾਂ ਤੋਂ ਸਭ ਤੋਂ ਘੱਟ ਜਾਇਦਾਦ ਹੈ।
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ 90 ਵਿਧਾਇਕਾਂ ਵਿਚੋਂ 33 (37 ਫੀਸਦੀ) ਨੇ ਆਪਣੀ ਵਿੱਦਿਅਕ ਯੋਗਤਾ ਪੰਜਵੀਂ ਪਾਸ ਅਤੇ 12ਵੀਂ ਪਾਸ ਵਿਚਾਲੇ ਐਲਾਨੀ ਹੈ ਅਤੇ 54 (60 ਫ਼ੀਸਦੀ) ਕੋਲ ਗ੍ਰੈਜੂਏਸ਼ਨ ਜਾਂ ਉੱਚ ਵਿੱਦਿਅਕ ਯੋਗਤਾ ਹੈ। ਜਿੱਤਣ ਵਾਲੇ ਦੋ ਉਮੀਦਵਾਰ ਅਜਿਹੇ ਹਨ, ਜੋ ਡਿਪਲੋਮਾਧਾਰਕ ਹਨ, ਜਦਕਿ ਇਕ ਵਿਧਾਇਕ ਨੇ ਖੁਦ ਨੂੰ ਸਿਰਫ਼ ‘ਸਾਖਰ’ ਦੱਸਿਆ ਹੈ। ਇਸ ਤੋਂ ਇਲਾਵਾ 44 (49 ਫ਼ੀਸਦੀ) ਵਿਧਾਇਕਾਂ ਨੇ ਆਪਣੀ ਉਮਰ 25 ਤੋਂ 50 ਸਾਲ ਦਰਮਿਆਨ ਦੱਸੀ ਹੈ ਅਤੇ 46 (51 ਫ਼ੀਸਦੀ) ਨੇ 51 ਤੋਂ 80 ਸਾਲ ਦਰਮਿਆਨ ਦੱਸੀ ਹੈ। ਅਹੀਵਾਰਾ (ਐੱਸ.ਸੀ.) ਸੀਟ ਤੋਂ ਭਾਜਪਾ ਦੇ ਨਵੇਂ ਚੁਣੇ ਵਿਧਾਇਕ ਦੋਮਨਲਾਲ ਕੋਰਸੇਵਾੜਾ (75 ਸਾਲ) ਵਿਧਾਨ ਸਭਾ ਵਿਚ ਸਭ ਤੋਂ ਵੱਡੀ ਉਮਰ ਦੇ ਵਿਧਾਇਕ ਹਨ ਅਤੇ ਬਿਲਾਈਗੜ੍ਹ (ਐੱਸ.ਸੀ.) ਸੀਟ ਤੋਂ ਕਾਂਗਰਸ ਦੀ ਨਵੀਂ ਚੁਣੀ ਗਈ ਵਿਧਾਇਕ ਕਵਿਤਾ ਪ੍ਰਾਣ ਲਾਹਰੇ (30) ਸਭ ਤੋਂ ਘੱਟ ਉਮਰ ਦੀ ਵਿਧਾਇਕ ਹੈ।