ਚੰਡੀਗੜ੍ਹ, 22 ਜਨਵਰੀ (ਪੰਜਾਬ ਮੇਲ)- ਆਮ ਆਦਮੀ ਪਾਰਟੀ (ਆਪ) ਨੇ 29 ਜਨਵਰੀ ਨੂੰ ਹੋਣ ਵਾਲੀਆਂ ਮੇਅਰ ਚੋਣਾਂ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ, ਤਿੰਨੋਂ ਅਹੁਦਿਆਂ ’ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਇਹ ਫੈਸਲਾ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਪਾਰਟੀ ਨੇ ਅਜੇ ਤੱਕ ਇਸ ਅਹੁਦੇ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਉਮੀਦਵਾਰ ਅੱਜ ਦੁਪਹਿਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ‘ਆਪ’ ਵਿੱਚ ਮੇਅਰ ਦੇ ਅਹੁਦੇ ਲਈ ਕੌਂਸਲਰ ਯੋਗੇਸ਼ ਢੀਂਗਰਾ, ਜਸਬੀਰ ਸਿੰਘ ਲਾਡੀ, ਦਮਨਪ੍ਰੀਤ ਸਿੰਘ, ਹਰਦੀਪ ਸਿੰਘ ਅਤੇ ਰਾਮ ਚੰਦਰ ਯਾਦਵ ਚੋਣ ਮੈਦਾਨ ਵਿੱਚ ਹਨ।
ਇਸ ਦੌਰਾਨ ਉਮੀਦਵਾਰਾਂ ਦਾ ਫੈਸਲਾ ਕਰਨ ਲਈ ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ। ਪਾਰਟੀ ਵੱਲੋਂ ਮਹੇਸ਼ਇੰਦਰ ਸਿੰਘ ਸਿੱਧੂ, ਸੌਰਭ ਜੋਸ਼ੀ, ਕੰਵਰਜੀਤ ਸਿੰਘ ਰਾਣਾ ਅਤੇ ਦਲੀਪ ਸ਼ਰਮਾ ਇਸ ਅਹੁਦੇ ਲਈ ਦਾਅਵੇਦਾਰ ਹਨ। ਕਾਂਗਰਸੀ ਕੌਂਸਲਰ ਵੀ ‘ਆਪ’ ਨਾਲ ਕਿਸੇ ਵੀ ਗੱਠਜੋੜ ਬਾਰੇ ਫੈਸਲਾ ਲੈਣ ਲਈ ਮੀਟਿੰਗ ਕਰ ਰਹੇ ਹਨ। ਹਾਲਾਂਕਿ ਕਾਂਗਰਸੀ ਕੌਂਸਲਰ ਗੱਠਜੋੜ ਦਾ ਵਿਰੋਧ ਕਰ ਰਹੇ ਹਨ।

