#CANADA

Canada ‘ਚ ਪੰਜਾਬੀ ਨੌਜਵਾਨ ‘ਤੇ 19 ਦੋਸ਼ ਆਇਦ

-ਪਛਾਣ ਚੋਰੀ ਅਤੇ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਵੀ ਸ਼ਾਮਲ
ਮਿਸੀਸਾਗਾ, 13 ਮਾਰਚ (ਪੰਜਾਬ ਮੇਲ)- ਮਿਸੀਸਾਗਾ ਦੇ ਲਵਪ੍ਰੀਤ ਸਿੰਘ ਵਿਰੁੱਧ ਪਛਾਣ ਚੋਰੀ, ਜ਼ਮਾਨਤ ਸ਼ਰਤਾਂ ਦੀ ਉਲੰਘਣਾ ਅਤੇ ਨਸ਼ਾ ਕਰ ਕੇ ਟਰੱਕ ਚਲਾਉਣ ਵਰਗੇ 19 ਦੋਸ਼ ਆਇਦ ਕੀਤੇ ਗਏ ਹਨ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬਰੈਂਪਟਨ ਦੇ ਵਿਲੀਅਮਜ਼ ਪਾਰਕਵੇਅ ਅਤੇ ਡਿਕਸੀ ਰੋਡ ਇਲਾਕੇ ‘ਚ ਇਕ ਟਰੱਕ ਪਾਬੰਦੀਸ਼ੁਦਾ ਖੇਤਰ ਵਿਚ ਦਾਖਲ ਹੋ ਗਿਆ। ਜਦੋਂ ਪੁਲਿਸ ਅਫਸਰਾਂ ਨੇ ਉਸ ਨੂੰ ਰੋਕਣ ਦਾ ਯਤਨ ਕੀਤਾ, ਤਾਂ ਦੋਸ਼ੀ ਟਰੱਕ ਭਜਾ ਕੇ ਲੈ ਗਿਆ। ਪੁਲਿਸ ਨੇ ਟਰੱਕ ਡਰਾਈਵਰ ਦੀ ਸ਼ਨਾਖਤ 29 ਸਾਲ ਦੇ ਲਵਪ੍ਰੀਤ ਸਿੰਘ ਵਜੋਂ ਕੀਤੀ ਹੈ ਅਤੇ ਗ੍ਰਿਫ਼ਤਾਰੀ ਵੇਲੇ ਉਹ ਕਥਿਤ ਤੌਰ ‘ਤੇ ਨਸ਼ਾ ਕਰ ਕੇ ਕਿਰਾਏ ਵਾਲੀ ਗੱਡੀ ਚਲਾ ਰਿਹਾ ਸੀ।
ਡਰਾਈਵਿੰਗ ਕਰਦਿਆਂ ਉਸ ਨੇ ਰਿਹਾਈ ਸ਼ਰਤਾਂ ਦੀ ਸਿੱਧੇ ਤੌਰ ‘ਤੇ ਉਲੰਘਣਾ ਕੀਤੀ ਅਤੇ ਹੁਣ ਉਸ ਵਿਰੁੱਧ ਹੈਰੋਇਨ ਅਤੇ ਮੈਥਮਫੈਟਾਮਿਨ ਰੱਖਣ, ਖਤਰਨਾਕ ਤਰੀਕੇ ਨਾਲ ਅਤੇ ਨਸ਼ਾ ਕਰਕੇ ਗੱਡੀ ਚਲਾਉਣ ਵਰਗੇ 19 ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਮੁਤਾਬਕ ਲਵਪ੍ਰੀਤ ਸਿੰਘ ਨੂੰ ਅਤੀਤ ‘ਚ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦੋਂ ਵੱਖ-ਵੱਖ ਪੁਲਿਸ ਏਜੰਸੀਆਂ ਨੇ ਇਕ ਹਜ਼ਾਰ ਕਿਲੋਮੀਟਰ ਤੱਕ ਉਸ ਦਾ ਪਿੱਛਾ ਕੀਤਾ ਅਤੇ ਆਖਰਕਾਰ ਇਟੋਬੀਕੋ ਵਿਖੇ ਕਾਬੂ ਕੀਤਾ ਜਾ ਸਕਿਆ। ਮੁਲਜ਼ਮ ਕੋਲੋਂ ਕਥਿਤ ਤੌਰ ‘ਤੇ ਜਾਅਲੀ ਡਰਾਈਵਿੰਗ ਦਸਤਾਵੇਜ਼ ਵੀ ਬਰਾਮਦ ਕੀਤੇ ਗਏ, ਜਿਨ੍ਹਾਂ ਦੇ ਆਧਾਰ ‘ਤੇ ਉਹ ਗਰੇਟਰ ਟੋਰਾਂਟੋ ਏਰੀਆ ਸਣੇ ਕੈਨੇਡਾ ਦੇ ਵੱਖ-ਵੱਖ ਰਾਜਾਂ ‘ਚ ਟਰਾਂਸਪੋਰਟ ਟਰੱਕ ਚਲਾਉਂਦਾ ਰਿਹਾ।
ਪੀਲ ਪੁਲਿਸ ਦੇ ਡਿਪਟੀ ਚੀਫ ਮਾਰਕ ਐਂਡਰਿਊਜ਼ ਨੇ ਸੋਮਵਾਰ ਨੂੰ ਦੱਸਿਆ ਕਿ ਦੋਸ਼ਾਂ ਦੀ ਗੰਭੀਰਤਾ ਅਤੇ ਪੁਲਿਸ ਤੋਂ ਬਚ ਕੇ ਫਰਾਰ ਹੋਣ ਦੇ ਯਤਨ ਨੂੰ ਵੇਖਦਿਆਂ ਲਵਪ੍ਰੀਤ ਸਿੰਘ ਨੂੰ ਜ਼ਮਾਨਤ ਨਾ ਮਿਲ ਸਕੀ ਅਤੇ ਫਿਲਹਾਲ ਉਹ ਹਿਰਾਸਤ ਵਿਚ ਹੈ। ਐਂਡਰਿਊਜ਼ ਨੇ ਕਿਹਾ ਕਿ ਸਾਡੀਆਂ ਸੜਕ ਸੁਰੱਖਿਆ ਟੀਮਾਂ ਆਵਾਜਾਈ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ਲਈ ਵਚਨਬੱਧ ਹਨ। ਚਾਹੇ ਸੜਕਾਂ ‘ਤੇ ਰੇਸਿੰਗ ਦਾ ਮਸਲਾ ਹੋਵੇ ਜਾਂ ਨਸ਼ਾ ਕਰ ਕੇ ਗੱਡੀ ਚਲਾਉਣ ਵਾਲੇ ਡਰਾਈਵਰਾਂ ਦਾ, ਸਾਡੇ ਅਫਸਰ ਹਮੇਸ਼ਾ ਸੁਚੇਤ ਰਹਿੰਦੇ ਹਨ।