ਵੈਨਕੂਵਰ, 12 ਫਰਵਰੀ (ਪੰਜਾਬ ਮੇਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਇਕ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿੱਥੇ 18 ਸਾਲਾ ਜੈਸੀ ਵੈਨ ਰੂਟਸਲਾਰ ਨਾਂ ਦੀ ਕੁੜੀ ਨੇ ਅੰਨ੍ਹੇਵਾਹ ਗੋਲੀਬਾਰੀ ਕਰਕੇ 9 ਲੋਕਾਂ ਦੀ ਜਾਨ ਲੈ ਲਈ। ਪੁਲੀਸ ਵੱਲੋਂ ਜਾਰੀ ਵੇਰਵਿਆਂ ਅਨੁਸਾਰ, ਜੈਸੀ ਨੇ ਦੋ ਬੰਦੂਕਾਂ ਨਾਲ ਪਹਿਲਾਂ ਆਪਣੇ ਘਰ ਵਿੱਚ ਮਾਂ ਅਤੇ 11 ਸਾਲਾ ਮਤਰੇਏ ਭਰਾ ਦਾ ਕਤਲ ਕੀਤਾ ਅਤੇ ਫਿਰ ਸਕੂਲ ਪਹੁੰਚ ਕੇ ਕਹਿਰ ਮਚਾਇਆ।
ਇਸ ਵਿੱਚ ਇੱਕ ਅਧਿਆਪਕਾ ਅਤੇ 12 ਤੋਂ 17 ਸਾਲ ਦੇ ਪੰਜ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂਕਿ ਹਮਲਾਵਰ ਕੁੜੀ ਨੇ ਬਾਅਦ ਵਿੱਚ ਖ਼ੁਦ ਨੂੰ ਵੀ ਗੋਲੀ ਮਾਰ ਲਈ।
ਪੁਲੀਸ ਨੇ ਸਪਸ਼ਟ ਕੀਤਾ ਹੈ ਕਿ ਕੁੱਲ ਮੌਤਾਂ ਦੀ ਗਿਣਤੀ 9 ਹੈ ਅਤੇ ਹਸਪਤਾਲ ਵਿੱਚ ਦਾਖਲ ਜ਼ਖ਼ਮੀਆਂ ਦੀ ਹਾਲਤ ਹੁਣ ਸਥਿਰ ਹੈ। ਇਸ ਭਿਆਨਕ ਘਟਨਾ ਨੇ ਪੂਰੇ ਕੈਨੇਡਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਆਪਣਾ ਯੂਰਪ ਦੌਰਾ ਰੱਦ ਕਰ ਦਿੱਤਾ ਹੈ ਅਤੇ ਕੈਨੇਡਿਆਈ ਪਾਰਲੀਮੈਂਟ ਵਿੱਚ ਮ੍ਰਿਤਕਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਿਆ ਗਿਆ। ਸੁਪਰਡੈਂਟ ਡਾਇਨ ਮੈਕਡੌਨਰਡ ਨੇ ਦੱਸਿਆ ਕਿ ਪੁਲੀਸ ਇਸ ਕਤਲੇਆਮ ਦੇ ਅਸਲ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਕੈਨੇਡਾ ਦੇ ਇਤਿਹਾਸ ਵਿੱਚ ਇਹ ਪਹਿਲੀ ਅਜਿਹੀ ਘਟਨਾ ਹੈ ਅਤੇ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣਗੇ।

