-ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪ੍ਰਵਾਸੀ ਕਾਮਿਆਂ ਲਈ ਬੇਹੱਦ ਮੁਸ਼ਕਲਾਂ ਭਰਿਆ ਹੋਵੇਗਾ ਸਮਾਂ
-ਵਿਦਿਆਰਥੀ ਦੇ ਆਇਲੈਟਸ, ਏਜੰਟਾਂ ਦੀਆਂ ਫੀਸਾਂ, ਵਿੱਦਿਅਕ ਕੋਰਸਾਂ ਦੀਆਂ ਫੀਸਾਂ, ਜੀ.ਆਈ.ਸੀ., ਹਵਾਈ ਟਿਕਟਾਂ ਆਦਿ ‘ਤੇ ਲੱਖਾਂ ਰੁਪਏ ਦੇ ਖਰਚੇ
-ਰੁਜ਼ਗਾਰ ਦੇ ਮੌਕੇ ਘੱਟਣ ਕਾਰਨ ਕੈਨੇਡਾ ਸਮੇਤ ਦੁਨੀਆਂ ਭਰ ਦੇ ਵਿਕਸਿਤ ਮੁਲਕ ਇਮੀਗ੍ਰੇਸ਼ਨ ਕਾਨੂੰਨਾਂ ‘ਚ ਕਰ ਰਹੇ ਨੇ ਸਖਤਾਈ ਤੇ ਸੋਧਾਂ
-ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਦਾ ਇਹ ਫ਼ੈਸਲਾ ਵਿਦਿਆਰਥੀ ਵਿਰੋਧੀ:
ਟੋਰਾਂਟੋ, 8 ਦਸੰਬਰ (ਦਲਜੀਤ ਕੌਰ/ਪੰਜਾਬ ਮੇਲ)- ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਨਵੇਂ ਨਿਯਮਾਂ ਤਹਿਤ ਕੈਨੇਡਾ ਪੜ੍ਹਨ ਆਉਂਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਲੋੜੀਂਦੇ ਫੰਡਾਂ ਨੂੰ ਦੁੱਗਣਾ ਕਰਕੇ ਵਿਦਿਆਰਥੀਆਂ ‘ਤੇ ਇੱਕ ਹੋਰ ਬੋਝ ਲੱਦ ਦਿੱਤਾ ਹੈ। ਓਟਵਾ ਪਾਰਲੀਮੈਂਟ ਹਿੱਲ ਤੇ ਇੱਕ ਪ੍ਰੈੱਸ ਕਾਨਫਰੰਸ ਵਿਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਧੋਖਾਧੜੀ, ਸ਼ੋਸ਼ਣ, ਦੁਰਵਿਵਹਾਰ ਅਤੇ ਰਿਹਾਇਸ਼ੀ ਸਮੱਸਿਆਵਾਂ ਨਾਲ ਨਜਿੱਠਣ ਲਈ ਸਰਕਾਰ 1 ਜਨਵਰੀ, 2024 ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਫੰਡਾਂ ਨੂੰ 10,000 ਤੋਂ ਵਧਾਕੇ 20,635 ਡਾਲਰ ਕਰਨ ਜਾ ਰਹੀ ਹੈ।
ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਦਾ ਇਹ ਫ਼ੈਸਲਾ ਵਿਦਿਆਰਥੀ ਵਿਰੋਧੀ ਹੈ। ਵਿਦਿਆਰਥੀ ਪਹਿਲਾਂ ਹੀ ਆਇਲੈਟਸ, ਏਜੰਟਾਂ ਦੀਆਂ ਫੀਸਾਂ, ਵਿਦਿਅਕ ਕੋਰਸਾਂ ਦੀਆਂ ਮਹਿੰਗੀਆਂ ਫੀਸਾਂ, ਜੀ.ਆਈ.ਸੀ., ਹਵਾਈ ਟਿਕਟਾਂ ਆਦਿ ਉੱਤੇ ਲੱਖਾਂ ਰੁਪਏ ਖਰਚ ਕਰਕੇ ਕੈਨੇਡਾ ਪੜ੍ਹਨ ਆਉਂਦੇ ਹਨ। ਬਹੁਤੇ ਵਿਦਿਆਰਥੀ ਵਿਦਿਅਕ ਲੋਨ ਅਤੇ ਹੋਰ ਕਰਜ਼ ਚੁੱਕ ਕੇ ਵਿਦੇਸ਼ ਪੜ੍ਹਨ ਆਉਂਦੇ ਹਨ। ਹੁਣ ਨਵੇਂ ਨਿਯਮਾਂ ਤਹਿਤ ਇਹ ਕਰਜ਼ ਬੋਝ ਹੋਰ ਜ਼ਿਆਦਾ ਵੱਧ ਜਾਵੇਗਾ, ਜਿਸ ਨਾਲ ਵਿਦਿਆਰਥੀਆਂ ਨੂੰ ਅਨੇਕਾਂ ਮਾਨਸਿਕ ਅਤੇ ਆਰਥਿਕ ਤੰਗੀਆਂ ਵਿਚੋਂ ਗੁਜ਼ਰਨਾ ਪਵੇਗਾ।
ਕਰੋਨਾ ਕਾਲ ਤੋਂ ਪਹਿਲਾਂ ਜਦੋਂ ਕੈਨੇਡਾ ਵਿਚ ਮਜ਼ਦੂਰਾਂ ਦੀ ਘਾਟ ਸੀ, ਤਾਂ ਸਰਕਾਰ ਨੇ ਇਮੀਗ੍ਰੇਸ਼ਨ ਪ੍ਰੋਗਰਾਮ ਤੇ ਨੀਤੀਆਂ ਮੋਕਲੀਆਂ ਕਰਕੇ ਧੜਾਧੜ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਪ੍ਰਵਾਸੀ ਕਾਮਿਆਂ ਲਈ ਕੈਨੇਡਾ ਦੇ ਬੂਹੇ ਖੋਲ੍ਹ ਦਿੱਤੇ ਸਨ ਪਰੰਤੂ ਗਲੋਬਲ ਆਰਥਿਕਤਾ ਦੀ ਗਤੀ ਧੀਮੀ ਹੋਣ ਨਾਲ ਰੁਜ਼ਗਾਰ ਦੇ ਮੌਕੇ ਲਗਾਤਾਰ ਸੁੰਗੜ ਰਹੇ ਹਨ ਤੇ ਬਦਲਦੇ ਹਾਲਾਤਾਂ ਕਾਰਨ ਕੈਨੇਡਾ ਸਮੇਤ ਦੁਨੀਆਂ ਭਰ ਦੇ ਵਿਕਸਿਤ ਮੁਲਕ ਇਮੀਗ੍ਰੇਸ਼ਨ ਕਾਨੂੰਨਾਂ ‘ਚ ਸਖਤਾਈ ਤੇ ਸੋਧਾਂ ਕਰ ਰਹੇ ਹਨ। ਕੈਨੇਡਾ ਸਰਕਾਰ ਦਾ ਨਵਾਂ ਫੁਰਮਾਨ 1908 ਵਿਚ ਕੈਨੇਡਾ ਦੀ ਲੌਰੀਅਰ ਸਰਕਾਰ ਦੇ ਦੋ ਉਨ੍ਹਾਂ ਕਾਰਜ਼ਕਾਰੀ ਫੁਰਮਾਨਾਂ ਨਾਲ ਮਿਲਦਾ-ਜੁਲਦਾ ਹੈ, ਜਦੋਂ ਭਾਰਤੀ ਇਮੀਗ੍ਰੇਸ਼ਨ ਨੂੰ ਬੰਦ ਕਰਨ ਲਈ ‘ਕੈਨੇਡਾ ਤੋਂ ਸਿੱਧਾ ਸਫਰ’ ਤੇ ‘ਦਾਖਲਾ ਫੀਸ 25 ਤੋਂ ਵਧਾਕੇ 200’ (ਜੋ ਉਸ ਸਮੇਂ ਬਹੁਤ ਵੱਡੀ ਰਕਮ ਹੁੰਦੀ ਸੀ) ਕਰ ਦਿੱਤੀ ਗਈ ਸੀ। ਆਉਣ ਵਾਲਾ ਸਮਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪ੍ਰਵਾਸੀ ਕਾਮਿਆਂ ਲਈ ਬੇਹੱਦ ਮੁਸ਼ਕਲਾਂ ਭਰਿਆ ਹੋ ਸਕਦਾ ਹੈ।