#CANADA

Canada ਸਰਕਾਰ ਵੱਲੋਂ ਟੈਂਪਰੇਟੀ ਰੈਜ਼ੀਡੈਂਟਸ ਦੀ ਗਿਣਤੀ ਘਟਾਉਣ ਦਾ ਐਲਾਨ

ਟੋਰਾਂਟੋ, 23 ਮਾਰਚ (ਪੰਜਾਬ ਮੇਲ)- ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਘਟਾਉਣ ਦਾ ਕਦਮ ਚੁੱਕਿਆ ਗਿਆ ਹੈ। ਕੈਨੇਡਾ ਪਹਿਲੀ ਵਾਰ ਆਪਣੇ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਣ ਅਤੇ ਅਸਥਾਈ ਇਮੀਗ੍ਰੇਸ਼ਨ ‘ਤੇ ਸੀਮਾ ਨਿਰਧਾਰਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਰਿਹਾਇਸ਼ ਦੀ ਘਾਟ ਨੂੰ ਪੂਰਾ ਕਰਨ ਅਤੇ ਜ਼ਰੂਰੀ ਸੇਵਾਵਾਂ ਦਾ ਵਿਸਥਾਰ ਕਰਨ ਲਈ ਕੰਮ ਕਰ ਰਹੀ ਹੈ। ਟਰੂਡੋ ਸਰਕਾਰ ਦੇ ਇਸ ਫ਼ੈਸਲੇ ਨਾਲ ਪੰਜਾਬ ਦੇ ਲੋਕ ਹੁਣ ਕੈਨੇਡਾ ਦੇ ਵਿਜ਼ਟਰ ਵੀਜ਼ੇ ਨੂੰ ਵੀ ਤਰਸਣਗੇ। ਕੈਨੇਡਾ ਸਰਕਾਰ ਵਿਜ਼ਟਰ ਵੀਜ਼ਿਆਂ ‘ਚ ਵੱਡੀ ਕਟੌਤੀ ਕਰਨ ਜਾ ਰਹੀ ਹੈ।
ਹਾਲ ਹੀ ਦੇ ਸਾਲਾਂ ਵਿਚ ਆਰਜ਼ੀ ਵੀਜ਼ਿਆਂ ‘ਤੇ ਕੈਨੇਡਾ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ, ਵਿਦੇਸ਼ੀ ਕਾਮਿਆਂ ਅਤੇ ਹੋਰ ਅਸਥਾਈ ਨਿਵਾਸੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ, ਕਿਉਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਅਤੇ ਲੇਬਰ ਪਾੜੇ ਨੂੰ ਘੱਟ ਕਰਨ ਲਈ ਇਮੀਗ੍ਰੇਸ਼ਨ ‘ਤੇ ਨਿਰਭਰ ਹੈ। ਮਿਲਰ ਨੇ ਕਿਹਾ ਕਿ ਸਰਕਾਰ ਅਗਲੇ ਤਿੰਨ ਸਾਲਾਂ ਵਿਚ ਕੁੱਲ ਆਬਾਦੀ ਦੇ 6.5% ਤੋਂ ਅਸਥਾਈ ਨਿਵਾਸੀਆਂ ਨੂੰ 2023 ਵਿਚ ਘਟਾ ਕੇ 5% ਕਰਨਾ ਚਾਹੁੰਦੀ ਹੈ। ਇਹ 2023 ‘ਚ ਕੈਨੇਡਾ ਦੇ 2.5 ਮਿਲੀਅਨ ਅਸਥਾਈ ਨਿਵਾਸੀਆਂ ਤੋਂ ਲਗਭਗ 20% ਦੀ ਕਟੌਤੀ ਹੋਵੇਗੀ। ਆਉਂਦੇ ਤਿੰਨ ਸਾਲ ਦੌਰਾਨ ਹੋਣ ਵਾਲੀ ਕਟੌਤੀ ਕੌਮਾਂਤਰੀ ਵਿਦਿਆਰਥੀਆਂ, ਵਿਦੇਸ਼ੀ ਕਾਮਿਆਂ ਅਤੇ ਪਨਾਹ ਮੰਗਣ ਵਾਲਿਆਂ ‘ਤੇ ਵੀ ਲਾਗੂ ਹੋਵੇਗੀ।
ਮਿਲਰ ਯੋਜਨਾ ਨੂੰ ਅੰਤਿਮ ਰੂਪ ਦੇਣ ਲਈ ਮਈ ਵਿਚ ਆਪਣੇ ਸੂਬਾਈ ਅਤੇ ਖੇਤਰੀ ਹਮਰੁਤਬਾ ਨਾਲ ਇੱਕ ਮੀਟਿੰਗ ਬੁਲਾਏਗਾ। ਮਿਲਰ ਨੇ ਓਟਵਾ ਵਿਚ ਪੱਤਰਕਾਰਾਂ ਨੂੰ ਕਿਹਾ, ”ਸਾਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਦੇਸ਼ ਵਿੱਚ ਦਾਖਲ ਹੋਣ ਵਾਲੇ ਅਸਥਾਈ ਨਿਵਾਸੀਆਂ ਦੀ ਗਿਣਤੀ ਇੱਕ ਟਿਕਾਊ ਪੱਧਰ ‘ਤੇ ਹੈ।” ਇੀਮੀਗ੍ਰੇਸ਼ਨ ਮੰਤਰੀ ਨੇ ਮੰਨਿਆ ਕਿ ਕਿਰਤੀਆਂ ਦੀ ਜ਼ਰੂਰਤ ਪੂਰੀ ਕਰਨ ਲਈ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਸੱਦਣਾ ਪੈਂਦਾ ਹੈ ਪਰ ਹੁਣ ਸਿਸਟਮ ਨੂੰ ਵਧੇਰੇ ਕਾਰਗਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਨਵੀਂ ਨੀਤੀ ਤਹਿਤ ਕੈਨੇਡਾ ਦੇ ਵੱਡੇ ਕਿਸਾਨਾਂ ਅਤੇ ਕਾਰੋਬਾਰੀ ਅਦਾਰਿਆਂ ਨੂੰ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ 1 ਮਈ ਤੱਕ ਘਟਾਉਣ ਲਈ ਆਖਿਆ ਗਿਆ ਹੈ ਪਰ ਇਸ ਦੇ ਨਾਲ ਹੀ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਸੱਦਣ ਦੀ ਪ੍ਰਕਿਰਿਆ ਸੁਖਾਲੀ ਵੀ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਕੰਮਾਂ ਲਈ ਵਿਦੇਸ਼ਾਂ ਤੋਂ ਕਿਰਤੀ ਸੱਦੇ ਜਾ ਸਕਣ, ਜਿਨ੍ਹਾਂ ਲਈ ਕੈਨੇਡਾ ਵਿਚ ਕਾਮੇ ਨਹੀਂ ਮਿਲਦੇ। 31 ਅਗਸਤ ਤੱਕ ਕੈਨੇਡਾ ਆਉਣ ਵਾਲਿਆਂ ਨੂੰ ਨਵੇਂ ਨਿਯਮਾਂ ਦੇ ਘੇਰੇ ਵਿਚੋਂ ਬਾਹਰ ਰੱਖਿਆ ਜਾਵੇਗਾ। ਇਥੇ ਦੱਸਣਾ ਬਣਦਾ ਹੈ ਕਿ ਆਰ.ਬੀ.ਸੀ. ਦੀ ਇਕ ਰਿਪੋਰਟ ਮੁਤਾਬਕ ਕੈਨੇਡਾ ਵਿਚ 10 ਲੱਖ ਲੋਕ ਅਜਿਹੇ ਰਹਿ ਰਹੇ ਹਨ ਜੋ ਆਪਣਾ ਵਿਜ਼ਟਰ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਵਾਪਸ ਨਹੀਂ ਗਏ। ਇਨ੍ਹਾਂ ਵਿਚੋਂ ਹਜ਼ਾਰਾਂ ਪੰਜਾਬੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।