#CANADA

Canada ‘ਚ ਪੰਜਾਬ ਨਾਲ ਸਬੰਧਤ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਦੇ ਪੱਤਰ ਮਿਲੇ

ਵੈਨਕੂਵਰ, 11 ਦਸੰਬਰ (ਪੰਜਾਬ ਮੇਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ, ਐਬਟਸਫੋਰਡ ਤੇ ਲੈਂਗਲੀ ਵਿਚ ਪੰਜਾਬ ਨਾਲ ਸਬੰਧਤ ਕੁਝ ਵਪਾਰਕ ਅਦਾਰਿਆਂ ਦੇ ਮਾਲਕਾਂ ਨੂੰ 20 ਲੱਖ ਡਾਲਰ ਫਿਰੌਤੀ ਦੇਣ ਦੇ ਪੱਤਰ ਮਿਲੇ ਹਨ, ਜਿਨ੍ਹਾਂ ਦੀ ਪੁਲਿਸ ਜਾਂਚ ਕਰ ਰਹੀ ਹੈ। ਇਨ੍ਹਾਂ ਪੱਤਰਾਂ ਦੀਆਂ ਕਾਪੀਆਂ ਸੋਸ਼ਲ ਮੀਡੀਆ ‘ਤੇ ਵੀ ਘੁੰਮ ਰਹੀਆਂ ਹਨ। ਪੱਤਰਾਂ ਦੀ ਸ਼ੁਰੂਆਤ ਧਾਰਮਿਕ ਨਾਮ ਨਾਲ ਕੀਤੀ ਗਈ ਹੈ ਤੇ ਪੱਤਰ ਨੂੰ ਜਾਅਲੀ ਨਾ ਸਮਝਣ ਦੀ ਚਿਤਾਵਨੀ ਦਿੱਤੀ ਗਈ ਹੈ। ਪੁਲਿਸ ਨੂੰ ਸੂਚਨਾ ਦਿੱਤੇ ਜਾਣ ‘ਤੇ ਨਤੀਜੇ ਭੁਗਤਣ ਬਾਰੇ ਲਿਖਿਆ ਗਿਆ ਹੈ। ਸਾਰੇ ਪੱਤਰ ਇੱਕੋ ਤਰ੍ਹਾਂ ਦੇ ਹੋਣ ਕਾਰਨ ਸਮਝਿਆ ਜਾ ਰਿਹਾ ਹੈ ਕਿ ਇੱਕੋ ਪੱਤਰ ਦੀਆਂ ਕਾਪੀਆਂ ਕਰਵਾ ਕੇ ਵਪਾਰੀਆਂ ਨੂੰ ਭੇਜੀਆਂ ਜਾ ਰਹੀਆਂ ਹਨ, ਜਿਸ ‘ਚ ਫਿਰੌਤੀ ਦੀ ਰਕਮ ਕੈਨੇਡਾ ਜਾਂ ਭਾਰਤ ਵਿਚ ਦਿੱਤੇ ਜਾਣ ਦਾ ਵੀ ਜ਼ਿਕਰ ਹੈ। ਪੱਤਰ ਵਿਚ ਪਿਛਲੇ ਦਿਨੀਂ ਕੁਝ ਘਰਾਂ ਉੱਤੇ ਕੀਤੀ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਗਿਆ ਹੈ ਕਿ ਉਨ੍ਹਾਂ ਘਰਾਂ ਉਤੇ ਗੋਲੀ ਤਾਂ ਚਲਾਈ ਗਈ ਕਿਉਂਕਿ ਮਾਲਕਾਂ ਨੇ ਇਨ੍ਹਾਂ ਦੀ ਪਰਵਾਹ ਨਹੀਂ ਕੀਤੀ। ਪੁਲਿਸ ਬੁਲਾਰੇ ਨੇ ਮੰਨਿਆ ਹੈ ਕਿ ਕੁਝ ਲੋਕਾਂ ਨੂੰ ਮਿਲੇ ਫਿਰੌਤੀ ਪੱਤਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਨੂੰ ਲਿਖਣ ਤੇ ਭੇਜਣ ਵਾਲਿਆਂ ਦਾ ਪਤਾ ਲਾਇਆ ਜਾ ਰਿਹਾ ਹੈ। ਪਰ ਅਜੇ ਤੱਕ ਕਿਸੇ ਵੱਲੋਂ ਫਿਰੌਤੀ ਦਿੱਤੇ ਜਾਣ ਦੀ ਕੋਈ ਸੂਚਨਾ ਨਹੀਂ।