#AMERICA

California ‘ਚ 2 ਸਾਲ ਪਹਿਲਾਂ ਘਰ ‘ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਹੋਇਆ ਸੀ 96 ਸਾਲਾ ਔਰਤ ਦਾ ਕਤਲ : ਸ਼ੈਰਿਫ ਬਿਲ ਬਰਾਊਨ

* ਹੁਣ ਤੱਕ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
ਸੈਕਰਾਮੈਂਟੋ, 12 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਲੀਫੋਰਨੀਆ ‘ਚ ਤਕਰੀਬਨ 2 ਸਾਲ ਪਹਿਲਾਂ ਇਕ 96 ਸਾਲਾ ਬਜ਼ੁਰਗ ਵਿਧਵਾ ਔਰਤ ਦੀ ਹੋਈ ਮੌਤ ਦੇ ਮਾਮਲੇ ਦੀ ਜਾਂਚ ਦੌਰਾਨ ਸਪੱਸ਼ਟ ਹੋਇਆ ਹੈ ਕਿ ਇਹ ਕੁਦਰਤੀ ਮੌਤ ਨਹੀਂ ਸੀ, ਬਲਕਿ ਉਸ ਦੇ ਘਰ ਉਪਰ ਕਬਜ਼ਾ ਕਰਨ ਦੇ ਮਕਸਦ ਨਾਲ ਉਸ ਦੀ ਹੱਤਿਆ ਹੋਈ ਸੀ। ਇਸ ਮਾਮਲੇ ‘ਚ ਪੁਲਿਸ ਵੱਲੋਂ ਹੁਣ ਤੱਕ 4 ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਖਬਰ ਹੈ। ਸਾਂਟਾ ਬਰਬਰਾ ਕਾਊਂਟੀ ਸ਼ੈਰਿਫ ਬਿਲ ਬਰਾਊਨ ਅਨੁਸਾਰ ਵੀਓਲੈਟ ਆਈਲਿਨ ਅਲਬਰਟਸ ਨਾਮੀ ਔਰਤ ਉਸ ਦੇ ਮੋਨਟੈਕਸੀਟੋ ਸਥਿਤ ਘਰ ਵਿਚ ਉਸ ਦੀ ਦੇਖਭਾਲ ਕਰਨ ਵਾਲੇ ਵਿਅਕਤੀ ਨੂੰ 27 ਮਈ 2022 ਨੂੰ ਮ੍ਰਿਤਕ ਹਾਲਤ ਵਿਚ ਮਿਲੀ  ਸੀ। ਉਸ ਦੇ ਘਰ ਦੀ ਇਕ ਖਿੜਕੀ ਟੁੱਟੀ ਹੋਈ ਸੀ। ਬਰਾਊਨ ਅਨੁਸਾਰ ਬਾਅਦ ਵਿਚ ਪੋਸਟ ਮਾਰਟਮ ਰਿਪੋਰਟ ਵਿਚ ਪਤਾ ਲੱਗਾ ਕਿ ਉਸ ਦੀ ਮੌਤ ਆਕਸੀਜਨ ਦੀ ਘਾਟ ਕਾਰਨ ਸਾਹ ਘੁੱਟਣ ਕਾਰਨ ਹੋਈ ਸੀ, ਜਿਸ ਤੋਂ ਸਪੱਸ਼ਟ ਹੋਇਆ ਕਿ ਇਹ ਆਮ ਮੌਤ ਨਹੀਂ ਹੈ, ਬਲਕਿ ਕਤਲ ਹੈ। ਸ਼ੈਰਿਫ ਨੇ ਕਿਹਾ ਹੈ ਕਿ ਅਲਬਰਟਸ ‘ਮਰਡਰ ਫਾਰ ਹਾਇਰ ਸਕੀਮ’ ਦਾ ਨਿਸ਼ਾਨਾ ਬਣੀ ਹੈ। ਅਲਬਰਟਸ ਕੋਲ ਕੀਮਤੀ ਘਰ ਸੀ ਪਰੰਤੂ ਉਹ ਵਿੱਤੀ ਹਾਲਾਤ ਨਾਲ ਜੂਝ ਰਹੀ ਸੀ। ਉਸ  ਨੂੰ ਪੈਸੇ ਦੀ ਲੋੜ ਸੀ। ਜਿਸ ਦਾ ਫਾਇਦਾ ਉਠਾਉਣ ਦੇ ਮਕਸਦ ਨਾਲ ਉਸ ਨੂੰ ਘਰ ਗਹਿਣੇ ਰੱਖਣ ਬਦਲੇ ਪੈਸੇ ਦੀ ਪੇਸ਼ਕਸ਼ ਕੀਤੀ ਗਈ ਤੇ ਬਾਅਦ ਵਿਚ ਉਸ ਦੀ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਵਿਚ ਰਿਕਾਰਡੋ ਮਾਰਟਿਨ ਡੈਲਕੈਂਪੋ (41) ਤੇ ਹੈਨਰੀ ਰੋਸਟੋਮਾਈਨ ਨੂੰ ਹਾਲ ਹੀ ਵਿਚ ਹੱਤਿਆ ਤੇ ਹੱਤਿਆ ਦੀ ਸਾਜ਼ਿਸ਼ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ, ਜੋ ਸਾਂਟਾ ਬਰਬਰਾ ਕਾਊਂਟੀ ਜੇਲ੍ਹ ਵਿਚ ਬੰਦ ਹਨ। ਤੀਸਰੇ ਵਿਅਕਤੀ ਹੈਰੀ ਬਸਮੈਡਜਿਆਨ (58) ਨੂੰ ਇਸ ਸਾਲ ਜਨਵਰੀ ਵਿਚ ਸਾਜ਼ਿਸ਼ ਵਿਚ ਸ਼ਾਮਿਲ ਹੋਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਸੀ, ਜਦਕਿ ਪੌਲਾਈਨ ਮੈਕਰੇਨੋ (48) ਨਾਮੀ ਔਰਤ ਨੂੰ 2022 ‘ਚ ਹੀ ਗਿਫਤਾਰ ਕਰ ਲਿਆ ਗਿਆ ਸੀ ਤੇ ਉਹ ਅਲਬਰਟਸ ਦੀ ਮੌਤ ਨਾਲ ਜੁੜੇ ਫਰਾਡ ਦੇ ਦੋਸ਼ਾਂ ਤਹਿਤ 6 ਸਾਲ ਦੀ ਸਜ਼ਾ ਕੱਟ ਰਹੀ ਹੈ। ਬਰਾਊਨ ਅਨੁਸਾਰ ਮੈਕਰੋਨੋ ਨੂੰ ਹੋਰ ਵਾਧੂ ਦੋਸ਼ਾਂ ਦਾ ਸਾਹਮਣਾ ਵੀ ਕਰਨਾ ਪਵੇਗਾ।