ਸੈਕਰਾਮੈਂਟੋ, 27 ਦਸੰਬਰ (ਪੰਜਾਬ ਮੇਲ)- ਕੈਲੀਫੋਰਨੀਆ ‘ਚ ਮਹਿੰਗਾਈ ਵਧਣ ਕਰਕੇ ਸਰਕਾਰ ਵੱਲੋਂ ਕਾਮਿਆਂ ਦੀ ਉਜਰਤ ਵਿਚ ਵਾਧਾ ਕੀਤਾ ਗਿਆ ਹੈ। ਇਹ ਵਾਧਾ 1 ਜਨਵਰੀ, 2024 ਤੋਂ ਲਾਗੂ ਹੋਣ ਜਾ ਰਿਹਾ ਹੈ। ਇਥੇ ਪਹਿਲਾਂ ਕਾਮਿਆਂ ਦੀ ਘੱਟੋ-ਘੱਟ ਉਜਰਤ $15.50 ਪ੍ਰਤੀ ਘੰਟਾ ਸੀ, ਜੋ ਕਿ ਵਧਾ ਕੇ 16 ਡਾਲਰ ਪ੍ਰਤੀ ਘੰਟਾ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਿਹਤ ਸੰਭਾਲ ਕਰਮਚਾਰੀਆਂ ਦੀ ਬੇਸ ਪੇਅ ਵੀ ਵਧੇਗੀ। ਹੈਲਥ ਕੇਅਰ ਵਰਕਰਾਂ ਨੂੰ ਘੱਟੋ-ਘੱਟ 18 ਡਾਲਰ ਪ੍ਰਤੀ ਘੰਟਾ ਭੁਗਤਾਣ ਹੋਵੇਗਾ। ਇਸ ਦੇ ਨਾਲ ਹੀ ਫਾਸਟਫੂਡ ਵਰਕਰਾਂ ਦੀ ਘੱਟੋ-ਘੱਟ ਉਜਰਤ 20 ਡਾਲਰ ਪ੍ਰਤੀ ਘੰਟਾ ਹੋਵੇਗੀ। ਇਹ ਵਾਧਾ ਸਿਰਫ ਰਾਸ਼ਟਰੀ ਫਾਸਟਫੂਡ ਚੇਨਾਂ ਅਤੇ ਫਰੈਂਚਾਈਜ਼ ਕੰਪਨੀਆਂ ਵਿਚ ਹੀ ਲਾਗੂ ਹੋਵੇਗਾ।
ਇਸ ਦੇ ਨਾਲ ਹੀ ਕੈਲੀਫੋਰਨੀਆ ਦੇ ਕਾਮਿਆਂ ਲਈ ਉਪਲਬੱਧ ਅਦਾਇਗੀ ਬਿਮਾਰ ਦਿਨਾਂ ਦੀ ਗਿਣਤੀ 1 ਜਨਵਰੀ ਤੋਂ ਵੱਧ ਕੇ ਘੱਟੋ-ਘੱਟ 5 ਦਿਨ ਜਾਂ ਪ੍ਰਤੀ ਸਾਲ 40 ਘੰਟੇ ਹੋ ਰਹੀ ਹੈ। ਇਸ ਤੋਂ ਪਹਿਲਾਂ ਕਾਮਿਆਂ ਨੂੰ ਬਿਮਾਰ ਹੋਣ ‘ਤੇ ਸਿਰਫ 3 ਦਿਨ ਜਾਂ 24 ਘੰਟੇ ਦੀ ਛੁੱਟੀ ਮਿਲਦੀ ਸੀ। ਯਾਨੀ ਕਿ ਹੁਣ ਕਾਮੇ ਸਾਲ ਵਿਚ 5 ਦਿਨਾਂ ਦੀ ਛੁੱਟੀ ਵੀ ਲੈਣ ਦੇ ਹੱਕਦਾਰ ਹੋਣਗੇ।