#AMERICA

California ‘ਚ ਭਾਰੀ ਤੂਫਾਨ, ਮੀਂਹ ਤੇ ਹੜ੍ਹ ਵਰਗੇ ਹਾਲਾਤ ਦੇ ਮੱਦੇਨਜਰ ਹੰਗਾਮੀ ਹਾਲਤ ਦਾ ਐਲਾਨ

ਸੈਕਰਾਮੈਂਟੋ, 7 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਲੀਫੋਰਨੀਆ ‘ਚ ਸ਼ਕਤੀਸ਼ਾਲੀ ਤੂਫਾਨ ਤੇ ਮੀਂਹ ਕਾਰਨ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਕਰੀਬਨ 4 ਲੱਖ ਤੋਂ ਵਧ ਘਰਾਂ ਤੇ ਕਾਰੋਬਾਰੀ ਅਦਾਰਿਆਂ ਵਿਚ ਬਿਜਲੀ ਸਪਲਾਈ ਠੱਪ ਹੋ ਗਈ ਹੈ, ਜਿਸ ਨੂੰ ਬਹਾਲ ਕਰਨ ਲਈ ਖਰਾਬ ਮੌਸਮ ਕਾਰਨ ਕਾਮਿਆਂ ਨੂੰ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ। ਤੂਫਾਨ ਕਾਰਨ ਹੌਲੀਵੁੱਡ ਹਿਲਜ਼ ਤੇ ਬੈਵਰਲੀ ਹਿਲਜ਼ ਸਮੇਤ ਲਾਸ ਏਂਜਲਸ ਖੇਤਰ ‘ਚ 14 ਲੱਖ ਲੋਕਾਂ ਨੂੰ ਫਲੈਸ਼ ਫਲੱਡ ਦੀ ਚਿਤਾਵਨੀ ਦਿੱਤੀ ਗਈ ਹੈ। ਮੇਅਰ ਕਾਰੇਨ ਬਾਸ ਨੇ ਲਾਸ ਏਂਜਲਸ ਲਈ ਸਥਾਨਕ ਹੰਗਾਮੀ ਸਥਿਤੀ ਦਾ ਐਲਾਨ ਕੀਤਾ ਹੈ। ਮੌਸਮ ਸੇਵਾ ਅਨੁਸਾਰ ਕੁਝ ਖੇਤਰਾਂ ਵਿਚ 5 ਤੋਂ 8 ਇੰਚ ਹੋਰ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤਰ੍ਹਾਂ ਕੁਲ ਮਿਲਾ ਕੇ 48 ਘੰਟਿਆਂ ਦੌਰਾਨ 14 ਇੰਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਖਰਾਬ ਮੌਸਮ ਕਾਰਨ ਬਣੇ ਹਾਲਾਤ ਦੇ ਮੱਦੇਨਜਰ ਦੱਖਣੀ ਕੈਲੀਫੋਰਨੀਆ ਦੀਆਂ 8 ਕਾਊਂਟੀਆਂ ਵਿਚ ਹੰਗਾਮੀ ਸਥਿਤੀ ਦਾ ਐਲਾਨ ਕੀਤਾ ਜਾ ਚੁੱਕਾ ਹੈ। ਨਿਊਜਰਸੀ ਸਮੇਤ ਕਈ ਖੇਤਰਾਂ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਕਈ ਕਈ ਫੁੱਟ ਪਾਣੀ ਸੜਕਾਂ ਉਪਰ ਫਿਰ ਰਿਹਾ ਹੈ।