#CANADA

Calgary ਦੇ ਗੁਰਦੁਆਰਾ ਸਾਹਿਬ ਦੇ ਬਾਹਰ ਹੋਈ ਹਿੰਸਾ; 2 ਜ਼ਖਮੀ

– ‘ਦਸ਼ਮੇਸ਼ ਕਲਚਰਲ ਸੈਂਟਰ’ ਦੇ ਬਾਹਰ ਗੁਰਦੁਆਰਾ ਕਮੇਟੀ ਵਿਰੁੱਧ ਚੱਲ ਰਿਹੈ ਰੋਸ ਪ੍ਰਦਰਸ਼ਨ
– ਝਗੜੇ ਦੌਰਾਨ ਪੁਲਿਸ ਨੇ ਦਿੱਤਾ ਦਖ਼ਲ
ਓਟਾਵਾ, 10 ਜਨਵਰੀ (ਪੰਜਾਬ ਮੇਲ)- ਕੈਨੇਡਾ ਦੇ ਅਲਬਰਟਾ ਸੂਬੇ ਦੇ ਕੈਲਗਰੀ ਦੇ ਇਕ ਗੁਰਦੁਆਰੇ ਦੇ ਬਾਹਰ ਹੋਈ ਹਿੰਸਾ ‘ਚ ਕਰੀਬ ਦੋ ਵਿਅਕਤੀ ਫੱਟੜ ਹੋ ਗਏ ਹਨ। ਵੇਰਵਿਆਂ ਮੁਤਾਬਕ ਇਹ ਹਿੰਸਾ ਗੁਰਦੁਆਰੇ ਅੱਗੇ ਹੋ ਰਹੇ ਇਕ ਰੋਸ ਪ੍ਰਦਰਸ਼ਨ ਦੌਰਾਨ ਹੋਈ। ਕੈਲਗਰੀ ਪੁਲਿਸ ਨੂੰ ਉਸ ਵੇਲੇ ਐਤਵਾਰ ਰਾਤ 7.45 ‘ਤੇ ਗੁਰਦੁਆਰਾ ਸਾਹਿਬ ਬੁਲੇਵਰਡ ਸੱਦਿਆ ਗਿਆ, ਜਦ 50-100 ਲੋਕਾਂ ਵਿਚਾਲੇ ਝਗੜਾ ਹੋ ਗਿਆ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਨੂੰ ਹੀ ਦੋ ਵਾਰ ਪਹਿਲਾਂ ਵੀ ਉਨ੍ਹਾਂ ਨੂੰ ਦਸ਼ਮੇਸ਼ ਕਲਚਰਲ ਸੈਂਟਰ ਸੱਦਿਆ ਗਿਆ ਸੀ। ਦੋਵੇਂ ਵਾਰ ਮੁਜ਼ਾਹਰਾਕਾਰੀਆਂ ਤੇ ਗੁਰਦੁਆਰੇ ਵਿਚਲੇ ਲੋਕਾਂ ਵਿਚਾਲੇ ਟਕਰਾਅ ਹੋਇਆ ਸੀ। ਪਹਿਲੀ ਘਟਨਾ ਦੁਪਹਿਰ ਬਾਅਦ ਕਰੀਬ 1.15 ‘ਤੇ ਵਾਪਰੀ ਸੀ। ਇਸ ਤੋਂ ਬਾਅਦ ਇਕ ਵਾਰ ਮੁੜ ਫੋਨ ਕਰ ਕੇ ਦੱਸਿਆ ਗਿਆ ਕਿ ਮੁਜ਼ਾਹਰਾਕਾਰੀ ਇਮਾਰਤ ਦੇ ਅੰਦਰ ਵੜ ਗਏ ਹਨ। ਪੁਲਿਸ ਨੇ ਦੋਵਾਂ ਧੜਿਆਂ ਵਿਚਾਲੇ ਸਮਝੌਤਾ ਕਰਾਉਣ ਦਾ ਯਤਨ ਵੀ ਕੀਤਾ। ਪੁਲਿਸ ਨੇ ਦੱਸਿਆ ਕਿ ਝਗੜੇ ਵਿਚ ਕੋਈ ਹਥਿਆਰ ਨਹੀਂ ਵਰਤਿਆ ਗਿਆ ਤੇ ਨਾ ਹੀ ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੈਲਗਰੀ ਪੁਲਿਸ ਨੇ ਘਟਨਾ ਪਿਛਲੇ ਕਾਰਨਾਂ ਬਾਰੇ ਵੀ ਕੁਝ ਨਹੀਂ ਦੱਸਿਆ, ਤੇ ਨਾ ਹੀ ਕਿਸੇ ‘ਤੇ ਦੋਸ਼ ਤੈਅ ਕਰਨ ਬਾਰੇ ਕੋਈ ਜਾਣਕਾਰੀ ਦਿੱਤੀ। ਰੋਸ ਪ੍ਰਦਰਸ਼ਨ ਦੇ ਪ੍ਰਬੰਧਕਾਂ ਵਿਚੋਂ ਇਕ ਗੁਰਪ੍ਰਤਾਪ ਬੈਦਵਾਨ ਨੇ ਕਿਹਾ ਕਿ ਗੁਰਦੁਆਰੇ ਦੀ ਸੰਗਤ ਵਿਚੋਂ ਕੁਝ ਵਿਅਕਤੀ ਗੁਰਦੁਆਰੇ ਦੀ ਚੁਣੀ ਹੋਈ ਪ੍ਰਬੰਧਕੀ ਕਮੇਟੀ ਵਿਰੁੱਧ ਰੋਸ ਜ਼ਾਹਿਰ ਕਰਨ ਲਈ ਇਕੱਠੇ ਹੋਏ ਸਨ। ਉਨ੍ਹਾਂ ਦੱਸਿਆ ਕਿ, ‘ਗੁਰਦੁਆਰਾ ਕਮੇਟੀ ਦੇ ਕਈ ਗਲਤ ਕੰਮਾਂ, ਨਿਯਮਾਂ ਦੀ ਉਲੰਘਣਾ ਤੇ ਆਪਣੀਆਂ ਸ਼ਿਕਾਇਤਾਂ’ ਲਈ ਉਹ ਰੋਸ ਪ੍ਰਦਰਸ਼ਨ ਕਰ ਰਹੇ ਸਨ। ਬੈਦਵਾਨ ਨੇ ਕਿਹਾ ਕਿ ਕਮੇਟੀ ਸਿੱਖ ਧਰਮ ਦੇ ਸਿਧਾਂਤਾਂ ਮੁਤਾਬਕ ਨਹੀਂ ਚੱਲ ਰਹੀ, ਤੇ ਅਕਾਲ ਤਖ਼ਤ ਵੱਲੋਂ ਜਾਰੀ ਰਹਿਤ ਮਰਿਆਦਾ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਅਲਬਰਟਾ ਸੂਬੇ ਦੇ ਗੈਰ-ਲਾਭਕਾਰੀ ਸੰਗਠਨਾਂ ਬਾਰੇ ਕਾਨੂੰਨਾਂ ਦਾ ਵੀ ਉਲੰਘਣ ਕਰ ਰਹੀ ਹੈ। ਬੈਦਵਾਨ ਨੇ ਕਿਹਾ ਕਿ ਇੱਥੇ ਰੋਸ ਪ੍ਰਦਰਸ਼ਨ 24 ਦਸੰਬਰ ਨੂੰ ਸ਼ੁਰੂ ਹੋਇਆ ਸੀ, ਤੇ ’15 ਦਿਨਾਂ ਤੋਂ ਐਨੀ ਠੰਢ ਵਿਚ ਦਿਨ-ਰਾਤ ਜਾਰੀ ਹੈ।’ ਉਨ੍ਹਾਂ ਕਿਹਾ, ‘ਇਕ ਵਾਰ ਵੀ ਕਮੇਟੀ ਬਾਹਰ ਨਹੀਂ ਆਈ ਤੇ ਨਾ ਹੀ ਮੁਜ਼ਾਹਰਾਕਾਰੀਆਂ ਨਾਲ ਗੱਲ ਕੀਤੀ, ਉਹ ਲੁਕ ਕਿਹੜੀ ਗੱਲੋਂ ਰਹੇ ਹਨ?’