#INDIA

C.B.I. ਵੱਲੋਂ ਦਿੱਲੀ ਅਦਾਲਤ ਸਾਹਮਣੇ ਜਗਦੀਸ਼ ਟਾਈਟਲਰ ਨੂੰ ਲੈ ਕੇ ਵੱਡਾ ਦਾਅਵਾ

– ’84 ਸਿੱਖ ਵਿਰੋਧੀ ਦੰਗਿਆਂ ਦੌਰਾਨ ਚਸ਼ਮਦੀਦ ਗਵਾਹਾਂ ਨੇ ਟਾਈਟਲਰ ਨੂੰ ਭੀੜ ਭੜਕਾਉਂਦੇ ਹੋਏ ਦੇਖਿਆ
– ਸੀ.ਬੀ.ਆਈ. ਵੱਲੋਂ ਟਾਈਟਲਰ ਖਿਲਾਫ ਦੋਸ਼ ਆਇਦ ਕਰਨ ਦੀ ਅਪੀਲ
– ਅਗਲੀ ਸੁਣਵਾਈ 22 ਜਨਵਰੀ ਨੂੰ
ਨਵੀਂ ਦਿੱਲੀ, 10 ਜਨਵਰੀ (ਪੰਜਾਬ ਮੇਲ)- ਕੇਂਦਰੀ ਜਾਂਚ ਬਿਊਰੋ ਨੇ ਦਿੱਲੀ ਦੀ ਇਕ ਅਦਾਲਤ ਦੇ ਸਾਹਮਣੇ ਦਾਅਵਾ ਕੀਤਾ ਕਿ ਚਸ਼ਮਦੀਦ ਗਵਾਹਾਂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਭੀੜ ਨੂੰ ਭੜਕਾਉਂਦੇ ਹੋਏ ਦੇਖਿਆ ਸੀ, ਜਿਸ ਕਾਰਨ ਰਾਸ਼ਟਰੀ ਰਾਜਧਾਨੀ ਦੇ ਪੁਲ ਬੰਗਸ਼ ਇਲਾਕੇ ਵਿਚ 3 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ।
ਸੀ.ਬੀ.ਆਈ. ਨੇ ਵਿਸ਼ੇਸ਼ ਜੱਜ ਰਾਕੇਸ਼ ਸਿਆਲ ਦੇ ਸਾਹਮਣੇ ਇਹ ਦਾਅਵਾ ਕੀਤਾ ਅਤੇ ਅਦਾਲਤ ਨੂੰ ਇਸ ਮਾਮਲੇ ਵਿਚ ਸਾਬਕਾ ਕੇਂਦਰੀ ਮੰਤਰੀ ਟਾਈਟਲਰ ਖ਼ਿਲਾਫ ਦੋਸ਼ ਆਇਦ ਕਰਨ ਦੀ ਅਪੀਲ ਕੀਤੀ। ਏਜੰਸੀ ਨੇ ਅਦਾਲਤ ਨੂੰ ਕਿਹਾ ਕਿ ਟਾਈਟਲਰ ਵਿਰੁੱਧ ਦੋਸ਼ ਤੈਅ ਕਰਨ ਲਈ ਸਬੂਤ ਕਾਫੀ ਹਨ। ਟਾਈਟਲਰ ਦੇ ਵਕੀਲ ਵਲੋਂ ਦਲੀਲਾਂ ਰੱਖਣ ਲਈ ਸਮਾਂ ਮੰਗੇ ਜਾਣ ਤੋਂ ਬਾਅਦ ਜੱਜ ਨੇ ਮਾਮਲੇ ਦੀ ਅਗਲੀ ਸੁਣਵਾਈ 22 ਜਨਵਰੀ ਲਈ ਤੈਅ ਕੀਤੀ।
ਜ਼ਿਕਰਯੋਗ ਹੈ ਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਵਲੋਂ ਕਤਲ ਦੇ ਇਕ ਦਿਨ ਬਾਅਦ 1 ਨਵੰਬਰ 1984 ਨੂੰ ਪੁਲ ਬੰਗਸ਼ ਵਿਚ 3 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਇਕ ਗੁਰਦੁਆਰੇ ‘ਚ ਅੱਗ ਲਾ ਦਿੱਤੀ ਸੀ। ਇਸ ਅੱਗ ‘ਚ ਸਰਦਾਰ ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰਚਰਨ ਸਿੰਘ ਦੀ ਮੌਤ ਹੋਈ ਸੀ। ਇਸ ਮਾਮਲੇ ਵਿਚ ਟਾਈਟਲਰ ‘ਤੇ ਭੀੜ ਨੂੰ ਭੜਕਾਉਣ ਦਾ ਦੋਸ਼ ਲੱਗਾ ਸੀ।
ਸਿੱਖ ਦੰਗਿਆਂ ਦੀ ਜਾਂਚ ਲਈ ਜਸਟਿਸ ਨਾਨਾਵਟੀ ਕਮਿਸ਼ਨ ਦਾ ਗਠਨ ਸਾਲ 2000 ਵਿਚ ਕੀਤਾ ਗਿਆ ਸੀ। ਇਸ ਕਮਿਸ਼ਨ ਦੀ ਰਿਪੋਰਟ ਮਿਲਣ ਮਗਰੋਂ ਗ੍ਰਹਿ ਮੰਤਰਾਲਾ ਨੇ ਇਸ ਮਾਮਲੇ ਵਿਚ ਜਗਦੀਸ਼ ਟਾਈਟਲਰ ਅਤੇ ਹੋਰਨਾਂ ਖ਼ਿਲਾਫ਼ ਸੀ.ਬੀ.ਆਈ. ਜਾਂਚ ਦੇ ਹੁਕਮ ਦਿੱਤੇ ਸਨ। ਸੀ.ਬੀ.ਆਈ. ਜਾਂਚ ਦੌਰਾਨ ਇਹ ਸਬੂਤ ਸਾਹਮਣੇ ਆਏ ਸਨ ਕਿ 1 ਨਵੰਬਰ, 1984 ਨੂੰ ਦੋਸ਼ੀ ਨੇ ਭੀੜ ਨੂੰ ਉਕਸਾਇਆ ਸੀ। ਜਿਸ ਦਾ ਨਤੀਜਾ ਇਹ ਹੋਇਆ ਕਿ ਗੁਰਦੁਆਰੇ ਵਿਚ ਅੱਗ ਲਾਈ ਗਈ ਅਤੇ ਭੀੜ ਨੇ 3 ਲੋਕਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ।