#PUNJAB

Budget Session Attendance of MP’s: ਅਮਰ ਸਿੰਘ ਹਾਜ਼ਰੀ ਵਿੱਚ ਸਭ ਤੋਂ ਅੱਗੇ, ਸਤਨਾਮ ਸੰਧੂ ਨੇ ਪੁੱਛੇ ਸਭ ਤੋਂ ਵੱਧ ਸਵਾਲ

ਚੰਡੀਗੜ੍ਹ, 10 ਅਪ੍ਰੈਲ (ਪੰਜਾਬ ਮੇਲ)- ਪਾਰਲੀਮੈਂਟ ਦੇ ਬਜਟ ਸੈਸ਼ਨ ’ਚ ਇਸ ਵਾਰ ਪੰਜਾਬ ਦੇ ਰਾਜ ਸਭਾ ਮੈਂਬਰਾਂ ਚੋਂ ਹਾਜ਼ਰੀ ਅਤੇ ਸੁਆਲ ਪੁੱਛਣ ’ਚ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਮੋਹਰੀ ਰਹੇ, ਜਦੋਂ ਕਿ ਲੋਕ ਸਭਾ ’ਚ ਹਾਜ਼ਰੀ ਦੇ ਮਾਮਲੇ ’ਚ ਕਾਂਗਰਸ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਬਾਜ਼ੀ ਮਾਰੀ। ਬਜਟ ਸੈਸ਼ਨ ਦੌਰਾਨ ਲੋਕ ਸਭਾ ਤੇ ਰਾਜ ਸਭਾ ਦੀਆਂ 31-31 ਬੈਠਕਾਂ ਹੋਈਆਂ। ਬਤੌਰ ਵਿਧਾਨਕਾਰ ਸੰਸਦ ’ਚ ਭਾਗੀਦਾਰੀ ਬਣਾਉਣ ’ਚ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ 96.7 ਫ਼ੀਸਦੀ ਹਾਜ਼ਰੀ ਭਰੀ ਜਦੋਂ ਕਿ ‘ਆਪ’ ਦੇ ਰਾਘਵ ਚੱਢਾ ਦੀ ਹਾਜ਼ਰੀ 96.7 ਫ਼ੀਸਦੀ ਅਤੇ ਅਸ਼ੋਕ ਮਿੱਤਲ ਦੀ 87.09 ਫ਼ੀਸਦੀ ਹਾਜ਼ਰੀ ਦਰਜ ਕੀਤੀ ਗਈ।

ਰਾਜ ਸਭਾ ’ਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਸੰਸਦ ਮੈਂਬਰ ਰਾਘਵ ਚੱਢਾ ਨੇ ਸੰਸਦ ’ਚ ਹਰ ਤਰ੍ਹਾਂ ਦੇ 48 ਸੁਆਲ ਪੁੱਛੇ ਜਦੋਂ ਕਿ 51 ਸੁਆਲ ਪੁੱਛਣ ਵਾਲੇ ਸਤਨਾਮ ਸੰਧੂ ਸਿਖਰ ’ਤੇ ਰਹੇ। ਸੰਧੂ ਨੇ ਪੰਜਾਬ ਦੇ ਭਖਦੇ ਮਸਲਿਆਂ ਨੂੰ ਲੈ ਕੇ ਸੰਸਦ ’ਚ ਸਵਾਲ ਚੁੱਕੇ ਅਤੇ ਸਮਾਜਿਕ ਮੁੱਦਿਆਂ ਨੂੰ ਤਰਜੀਹੀ ਅਧਾਰ ’ਤੇ ਰੱਖਿਆ। ਉਨ੍ਹਾਂ ਸਿੱਖ ਭਾਈਚਾਰੇ ਨਾਲ ਸਬੰਧ ਰੱਖਦੇ ਅਤੇ ਸੂਬੇ ਲਈ ਚੁਣੌਤੀ ਬਣ ਰਹੇ ਮੁੱਦਿਆਂ ਨੂੰ ਆਵਾਜ਼ ਦਿੱਤੀ। ਉਨ੍ਹਾਂ ਕਰੀਬ 25 ਵੱਖ ਵੱਖ ਮੰਤਰਾਲਿਆਂ ਨਾਲ ਸਬੰਧਿਤ ਸੁਆਲ ਪੁੱਛੇ। ਸਿਫ਼ਰ ਕਾਲ ਦੌਰਾਨ ਸੱਤ ਵਾਰ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਰਾਘਵ ਚੱਢਾ ਨੇ ਮੱਧ ਵਰਗੀ ਜਮਾਤ ਦੀ ਤਰਜਮਾਨੀ ਕੀਤੀ। ‘ਆਪ’ ਦੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੀ ਹਾਜ਼ਰੀ ਤਾਂ 35.48 ਫ਼ੀਸਦੀ ਰਹੀ ਰਹੀ ਪਰ ਉਨ੍ਹਾਂ ਸੁਆਲ ਪੁੱਛਣ ਦੇ ਮਾਮਲੇ ’ਚ ਸਭ ਤੋਂ ਵੱਧ 28 ਮੰਤਰਾਲੇ ਕਵਰ ਕੀਤੇ। ਰਾਜ ਸਭਾ ’ਚ ‘ਆਪ’ ਦੇ ਸੰਸਦ ਮੈਂਬਰ ਹਰਭਜਨ ਸਿੰਘ ਦੀ ਹਾਜ਼ਰੀ ਸਭ ਤੋਂ ਘੱਟ 25.8 ਫ਼ੀਸਦੀ ਰਹੀ ਅਤੇ ਉਨ੍ਹਾਂ ਸਿਰਫ਼ ਚਾਰ ਸੁਆਲ ਹੀ ਕੀਤੇ। ਲੋਕ ਸਭਾ ’ਚ ਸਭ ਤੋਂ ਘੱਟ ਹਾਜ਼ਰੀ ਫ਼ਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਦੀ ਸਿਰਫ਼ 20 ਫ਼ੀਸਦੀ ਹੀ ਰਹੀ ਅਤੇ ਉਨ੍ਹਾਂ ਕੋਈ ਲਿਖਤੀ ਸੁਆਲ ਨਹੀਂ ਉਠਾਇਆ ਪਰ ਉਹ ਸਿਫ਼ਰ ਕਾਲ ਦੌਰਾਨ ਇੱਕ ਵਾਰ ਬੋਲੇ।