#EUROPE

Britain ‘ਚ ਹੁਨਰਮੰਦ ਕਾਮਿਆਂ, ਮੈਡੀਕਲ ਪ੍ਰੋਫੈਸ਼ਨਲਜ਼ ਅਤੇ ਵਿਦਿਆਰਥੀ ਵੀਜ਼ਿਆਂ ‘ਚ ਭਾਰਤੀਆਂ ਦਾ ਦਬਦਬਾ

-ਇਮੀਗ੍ਰੇਸ਼ਨ ਅੰਕੜਿਆਂ ‘ਚ ਖੁਲਾਸਾ
ਲੰਡਨ, 24 ਨਵੰਬਰ (ਪੰਜਾਬ ਮੇਲ)- ਭਾਰਤੀ ਹੁਨਰਮੰਦ ਕਾਮਿਆਂ, ਮੈਡੀਕਲ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਨੇ ਪਿਛਲੇ ਸਾਲ ਬਰਤਾਨੀਆ ਦੀ ਵੀਜ਼ਾ ਸੂਚੀ ਵਿਚ ਆਪਣਾ ਦਬਦਬਾ ਕਾਇਮ ਰੱਖਿਆ ਹੈ। ਇੱਥੇ ਜਾਰੀ ਕੀਤੇ ਗਏ ਅਧਿਕਾਰਤ ਇਮੀਗ੍ਰੇਸ਼ਨ ਅੰਕੜਿਆਂ ਵਿਚ ਇਹ ਗੱਲ ਸਾਹਮਣੇ ਆਈ ਹੈ।
ਬਰਤਾਨੀਆ ਦੇ ਗ੍ਰਹਿ ਦਫ਼ਤਰ ਵੱਲੋਂ ਸਤੰਬਰ 2023 ਵਿਚ ਸਮਾਪਤ ਹੋ ਰਹੇ ਸਾਲ ਲਈ ਇਕੱਤਰ ਕੀਤੇ ਗਏ ਕੌਮੀ ਅੰਕੜਾ ਦਫ਼ਤਰ (ਓ.ਐੱਨ.ਐੱਸ.) ਦਾ ਡੇਟਾ ਦਿਖਾਉਂਦਾ ਹੈ ਕਿ ਭਾਰਤੀ ਨਾਗਰਿਕ ਨਾ ਸਿਰਫ ਹੁਨਰਮੰਦ ਕਾਮਿਆਂ ਦੇ ਵੀਜ਼ੇ ਦੇ ਮਾਮਲੇ ਵਿਚ ਅੱਵਲ ਹਨ, ਬਲਕਿ ਸਿਹਤ ਤੇ ਦੇਖਭਾਲ ਵੀਜ਼ਾ ਦੇ ਲਿਹਾਜ਼ ਨਾਲ ਵੀ ਪਹਿਲੇ ਨੰਬਰ ‘ਤੇ ਹਨ। ਵਿਦਿਆਰਥੀਆਂ ਦੀ ਸ਼੍ਰੇਣੀ ਵਿਚ ਭਾਰਤੀ ਨਾਗਰਿਕ ਲਗਾਤਾਰ ਵਿਦਿਆਰਥੀਆਂ ਦੇ ਉਸ ਸਭ ਤੋਂ ਵੱਡੇ ਸਮੂਹ 43 ਫੀਸਦੀ ਦੀ ਨੁਮਾਇੰਦਗੀ ਕਰ ਰਹੇ ਹਨ, ਜਿਨ੍ਹਾਂ ਨੂੰ ਮੁਕਾਬਲਤਨ ਨਵੇਂ ‘ਪੋਸਟ ਸਟੱਡੀ’ ਗ੍ਰੈਜੂਏਸ਼ਨ ਵੀਜ਼ਾ ‘ਤੇ ਕਾਇਮ ਰਹਿਣ ਲਈ ਛੁੱਟੀ ਦਿੱਤੀ ਗਈ ਸੀ।
ਗ੍ਰਹਿ ਮੰਤਰਾਲੇ ਦੇ ਅੰਕੜਿਆਂ ਮੁਤਾਬਕ, ”ਹੁਨਰਮੰਦ ਕਾਮੇ ਵੀਜ਼ਾ ਵਿਚ ਪਿਛਲੇ ਸਾਲ 9 ਫੀਸਦ ਦਾ ਮਾਮੂਲੀ ਵਾਧਾ ਦੇਖਿਆ ਗਿਆ। ਉੱਧਰ, ਹੁਨਰਮੰਦ ਕਾਮੇ-ਸਿਹਤ ਤੇ ਦੇਖਭਾਲ ਵੀਜ਼ਾ ਦੇ ਮਾਮਲੇ ਦੁੱਗਣੇ ਤੋਂ ਵੱਧ ਹੋ ਕੇ 1,43,990 ਹੋ ਗਏ। ਪਿਛਲੇ ਸਾਲ ਦੇ ਮੁਕਾਬਲੇ ਭਾਰਤ (38,866), ਨਾਇਜੀਰੀਆ (26,715) ਅਤੇ ਜ਼ਿੰਬਾਬਵੇ (21,130) ਦੇ ਨਾਗਰਿਕਾਂ ਦੇ ਵੀਜ਼ਿਆਂ ਵਿਚ ਸਭ ਤੋਂ ਜ਼ਿਆਦਾ ਵਾਧਾ ਹੋਇਆ।”
ਸਿਹਤ ਤੇ ਦੇਖਭਾਲ ਵੀਜ਼ਿਆਂ ਦੇ ਅੰਕੜਿਆਂ ਮੁਤਾਬਕ ਭਾਰਤੀ ਬਿਨੈਕਾਰਾਂ ਦੀ ਗਿਣਤੀ ਵਿਚ 76 ਫੀਸਦੀ ਦਾ ਵਾਧਾ ਹੋਇਆ ਹੈ, ਉੱਧਰ ਹੁਨਰਮੰਦ ਕਾਮੇ ਵੀਜ਼ਿਆਂ ਵਿਚ 11 ਫੀਸਦੀ ਦਾ ਮਾਮੂਲੀ ਨਿਘਾਰ ਦੇਖਿਆ ਗਿਆ ਹੈ।
ਵਿਸ਼ਲੇਸ਼ਣ ਮੁਤਾਬਕ, ”ਸਤੰਬਰ 2023 ਨੂੰ ਸਮਾਪਤ ਹੋਏ ਸਾਲ ਵਿਚ ਭਾਰਤੀ ਨਾਗਰਿਕਾਂ ਨੂੰ 1,33,237 ਸਪਾਂਸਰਡ ਸਟੱਡੀ ਵੀਜ਼ਾ ਦਿੱਤੇ ਗਏ ਸਨ, ਜਿਨ੍ਹਾਂ ਵਿਚ ਸਤੰਬਰ 2022 ਨੂੰ ਸਮਾਪਤ ਹੋਏ ਸਾਲ ਦੇ ਮੁਕਾਬਲੇ ਪੰਜ ਫੀਸਦੀ ਦਾ ਵਾਧਾ ਹੋਇਆ ਪਰ ਉਨ੍ਹਾਂ ਦੀ ਗਿਣਤੀ 2019 ਵਿਚ ਸਮਾਪਤ ਹੋਏ ਸਾਲ ਦੇ ਮੁਕਾਬਲੇ ਹੁਣ ਪੰਜ ਗੁਣਾ ਵੱਧ ਹੈ।”