#CANADA

Brampton ‘ਚ ਪੁਲਿਸ ਅਧਿਕਾਰੀ ‘ਤੇ ਹਮਲਾ ਕਰਨ ਵਾਲੀਆਂ 3 ਟੀਨੇਜਰ ਕੁੜੀਆਂ ਗ੍ਰਿਫ਼ਤਾਰ

ਬਰੈਂਪਟਨ, 23 ਨਵੰਬਰ (ਪੰਜਾਬ ਮੇਲ)- ਬਰੈਂਪਟਨ ਦੇ ਹਾਈ ਸਕੂਲ ਵਿਚ ਇਕ ਮਹਿਲਾ ਪੁਲਿਸ ਅਧਿਕਾਰੀ ਉੱਤੇ ਕਥਿਤ ਤੌਰ ‘ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰਨ ਵਾਲੀਆਂ ਤਿੰਨ ਟੀਨੇਜਰ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੀਲ ਰਿਜਨਲ ਪੁਲਿਸ ਨੂੰ ਕਾਰਡੀਨਲ ਲੈਜਰ ਸੈਕੰਡਰੀ ਸਕੂਲ ਵਿਚ ਵਾਪਰੀ ਇਸ ਘਟਨਾ ਦੀ ਜਾਣਕਾਰੀ 9 ਨਵੰਬਰ ਨੂੰ ਸਵੇਰੇ 10:00 ਵਜੇ ਤੋਂ ਪਹਿਲਾਂ ਦਿੱਤੀ ਗਈ। ਹਾਈ ਸਕੂਲ ਦੇ ਪ੍ਰਿੰਸੀਪਲ ਨੇ 911 ਉੱਤੇ ਕਾਲ ਕਰਕੇ ਇਹ ਜਾਣਕਾਰੀ ਦਿੱਤੀ ਕਿ ਕੁਝ ਵਿਦਿਆਰਥੀਆਂ ਵੱਲੋਂ ਪੁਲਿਸ ਅਧਿਕਾਰੀ ਉੱਤੇ ਹਮਲਾ ਕੀਤਾ ਗਿਆ ਹੈ। ਜਾਂਚ ਤੋਂ ਸਾਹਮਣੇ ਆਇਆ ਕਿ ਯੂਥ ਇਨਵੈਸਟੀਗੇਟਿਵ ਅਧਿਕਾਰੀ ਪ੍ਰਿੰਸੀਪਲ ਦੇ ਕਹਿਣ ਉੱਤੇ ਕਿਸੇ ਹੋਰ ਮਸਲੇ ਕਾਰਨ ਹਾਈ ਸਕੂਲ ਆਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਸਕੂਲ ਦੇ ਕੈਫੇਟੇਰੀਆ ਵਿਚ ਲੜਾਈ ਸ਼ੁਰੂ ਹੋਈ। ਪੁਲਿਸ ਅਧਿਕਾਰੀ ਵੱਲੋਂ ਖੁਦ ਨੂੰ ਪੀਲ ਰਿਜਨਲ ਪੁਲਿਸ ਦੀ ਮੈਂਬਰ ਦੱਸ ਕੇ ਲੜਾਈ ਰੋਕਣ ਦੀ ਕੋਸ਼ਿਸ਼ ਕਰਨ ਉੱਤੇ ਕਈ ਵਿਦਿਆਰਥਣਾਂ ਨੇ ਉਸ ਉੱਤੇ ਹੀ ਹਮਲਾ ਬੋਲ ਦਿੱਤਾ। ਤਿੰਨ ਵਿਦਿਆਰਥਣਾਂ ਦੀ ਪਛਾਣ ਕਰਨ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਕਿਸੇ ਹੋਰ ਦੇ ਜ਼ਖ਼ਮੀ ਹੋਣ ਦੀ ਖਬਰ ਨਹੀਂ ਹੈ।
ਬਰੈਂਪਟਨ ਦੀਆਂ ਦੋ 15 ਸਾਲਾ ਲੜਕੀਆਂ ਨੂੰ ਪੀਸ ਆਫੀਸਰ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਲਈ ਚਾਰਜ ਕੀਤਾ ਗਿਆ ਹੈ। ਉਨ੍ਹਾਂ ਨੂੰ ਬਾਅਦ ਵਿਚ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ। ਬਰੈਂਪਟਨ ਦੀ ਹੀ ਇਕ 17 ਸਾਲਾ ਲੜਕੀ ਨੂੰ ਪੀਸ ਆਫੀਸਰ ਉੱਤੇ ਹਮਲਾ ਕਰਕੇ ਉਸ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਤੇ ਪੁਲਿਸ ਦੇ ਕੰਮ ਵਿਚ ਖਲਲ ਪਾਉਣ ਲਈ ਚਾਰਜ ਕੀਤਾ ਗਿਆ ਹੈ। ਉਸ ਨੂੰ ਵੀ ਅਜੇ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ।