#INDIA

Bihar Election : ਐੱਨਡੀਏ ਇਤਿਹਾਸਕ ਜਿੱਤ ਵੱਲ ਵਧਿਆ, ਪਟਨਾ ’ਚ ਜਸ਼ਨ ਸ਼ੁਰੂ

ਬਿਹਾਰ, 14 ਨਵੰਬਰ (ਪੰਜਾਬ ਮੇਲ)-  ਬਿਹਾਰ ਵਿਚ ਕੌਮੀ ਜਮੂਹਰੀ ਗੱਠਜੋੜ (NDA) ਦੋ ਤਿਹਾਈ ਬਹੁਮਤ ਨਾਲ ਇਤਿਹਾਸਕ ਜਿੱਤ ਵੱਲ ਵਧ ਰਿਹਾ ਹੈ। ਸ਼ੁਰੂਆਤੀ ਰੁਝਾਨਾਂ ਅਨੁਸਾਰ ਸੱਤਾਧਾਰੀ ਐੱਨਡੀਏ 208 ਸੀਟਾਂ ਉੱਤੇ ਅਤੇ ਮਹਾਗੱਠਬੰਧਨ ਦੇ ਉਮੀਦਵਾਰ 27 ਸੀਟਾਂ ’ਤੇ ਅੱਗੇ ਹਨ। ਭਾਜਪਾ, ਜਿਸ ਨੇ 101 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ, 95 ਸੀਟਾਂ ’ਤੇ ਲੀਡ ਬਣਾ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜੇਡੀਯੂ ਦੇ ਉਮੀਦਵਾਰ 84 ਸੀਟਾਂ ’ਤੇ ਅੱਗੇ ਹਨ ਤੇ ਇਕ ਸੀਟ ਜਿਤ ਲਈ ਹੈ।

ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਉਪਲਬਧ ਜਾਣਕਾਰੀ ਮੁਤਾਬਕ ਜਨਤਾ ਦਲ (ਯੂਨਾਈਟਿਡ) ਦੇ ਉਮੀਦਵਾਰ 81 ਸੀਟਾਂ ’ਤੇ ਅੱਗੇ ਚੱਲ ਰਹੇ ਹਨ ਜਦੋਂਕਿ ਐੱਨਡੀਏ ਦੀ ਅਹਿਮ ਭਾਈਵਾਲ ਭਾਜਪਾ 91 ਸੀਟਾਂ ’ਤੇ ਅੱਗੇ ਹੈ। ਮਹਾਂਗੱਠਜੋੜ ਦੀ ਗੱਲ ਕਰੀਏ ਤਾਂ ਰਾਸ਼ਟਰੀ ਜਨਤਾ ਦਲ (RJD) ਨੇ 24 ਸੀਟਾਂ ’ਤੇ ਬੜਤ ਬਣਾਈ ਹੋਈ ਹੈ। ਲੋਕ ਜਨ ਸ਼ਕਤੀ ਪਾਰਟੀ (ਰਾਮ ਵਿਲਾਸ) 19, ਏਆਈਐੱਮਆਈਐੱਮ ਤੇ ਐੱਚਏਐੱਮ 6-5, ਕਾਂਗਰਸ ਇਕ , ਸੀਪੀਆਈ ਐੱਮਐੱਲ 2 ਤੇ ਰਾਸ਼ਟਰੀ ਲੋਕ ਮੋਰਚਾ 4 ਅਤੇ ਸੀਪੀਆਈ ਐੱਮ ਤੇ ਬਸਪਾ ਇਕ ਇਕ ਸੀਟ ’ਤੇ ਅੱਗੇ ਹਨ।