ਮਾਨਸਾ, 21 ਮਾਰਚ (ਪੰਜਾਬ ਮੇਲ)- ਬਾਦਲ ਪਰਿਵਾਰ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਦਸ ਸਾਲਾਂ ਬਾਅਦ ਮੁੜ ਆਹਮੋ-ਸਾਹਮਣੇ ਹੋਣ ਦੀ ਅਚਾਨਕ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਦਸ ਸਾਲ ਪਹਿਲਾਂ ਇਸ ਲੋਕ ਸਭਾ ਹਲਕੇ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਕਾਂਗਰਸ ਪਾਰਟੀ ਵੱਲੋਂ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮੈਦਾਨ ਵਿਚ ਉਤਾਰਿਆ ਗਿਆ ਸੀ। ਇਸ ਚੋਣ ਵਿਚ ਹਰਸਿਮਰਤ ਕੌਰ ਬਾਦਲ ਜਿੱਤੇ ਸਨ।
ਇਸ ਵਾਰ ਮਨਪ੍ਰੀਤ ਬਾਦਲ ਭਾਜਪਾ ਦੇ ਵੱਡੇ ਆਗੂਆਂ ਦੀ ਸੂਚੀ ਵਿਚ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਦੀ ਮੈਰਿਟ ਸਿਆਸੀ ਸਰਗਰਮੀਆਂ ਵਿਚ ਭਾਜਪਾ ਵੱਲੋਂ ਮੋਹਰੀ ਮੰਨੀ ਜਾਂਦੀ ਹੈ। ਹਾਲਾਂਕਿ ਅਜੇ ਤੱਕ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਆਪਸ ਵਿਚ ਸਮਝੌਤਾ ਨਹੀਂ ਹੋਇਆ ਅਤੇ ਭਾਜਪਾ ਵੱਲੋਂ ਜਿਹੜੇ ਨੇਤਾਵਾਂ ਵੱਲੋਂ ਅਕਾਲੀ ਦਲ ਨਾਲ ਸਮਝੌਤੇ ਦੀ ਵਕਾਲਤ ਕੀਤੀ ਜਾ ਰਹੀ ਹੈ, ਉਨ੍ਹਾਂ ਵਿਚ ਮਨਪ੍ਰੀਤ ਵੀ ਪ੍ਰਮੁੱਖ ਮੰਨੇ ਜਾਂਦੇ ਹਨ।
ਵੇਰਵਿਆਂ ਅਨੁਸਾਰ ਅਕਾਲੀ ਦਲ ਨਾਲ ਭਾਜਪਾ ਦਾ ਸਮਝੌਤਾ ਨਾ ਹੋਣ ਦੀ ਸਥਿਤੀ ‘ਚ ਜਿਹੜੇ ਭਾਜਪਾ ਨੇਤਾਵਾਂ ਦਾ ਨਾਂ ਬਠਿੰਡਾ ਲੋਕ ਸਭਾ ਹਲਕੇ ਤੋਂ ਪੈਨਲ ਲਈ ਭੇਜਿਆ ਗਿਆ ਹੈ, ਉਸ ਵਿਚ ਮਨਪ੍ਰੀਤ ਬਾਦਲ ਸਣੇ ਹਾਲ ਹੀ ਭਾਜਪਾ ਵਿਚ ਸ਼ਾਮਲ ਹੋਏ ਮਾਨਸਾ ਤੋਂ ਸਾਬਕਾ ਕਾਂਗਰਸੀ ਨੇਤਾ ਮੰਗਤ ਰਾਏ ਬਾਂਸਲ, ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਸਰੂਪ ਚੰਦ ਸਿੰਗਲਾ ਦੇ ਨਾਂ ਸ਼ਾਮਲ ਹਨ। ਇਹ ਸਾਰੇ ਆਗੂ ਕਿਸੇ ਸਮੇਂ ਬਾਦਲ ਪਰਿਵਾਰ ਦੇ ਨਜ਼ਦੀਕੀਆਂ ਵਿਚੋਂ ਮੰਨੇ ਜਾਂਦੇ ਰਹੇ ਹਨ।
ਉਧਰ ਇਕ ਹੋਰ ਨਵੀਂ ਚਰਚਾ ਨੇ ਸਭਨਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਨਾਲ ਲੰਬੇ ਸਮੇਂ ਤੋਂ ਰਾਜਸੀ ਮੁਕਾਬਲੇ ਵਿਚ ਮੈਦਾਨ ਵਿਚ ਉਤਰਦੇ ਆ ਰਹੇ ਉਨ੍ਹਾਂ ਦੇ ਚਚੇਰੇ ਭਰਾ ਮਹੇਸ਼ਇੰਦਰ ਸਿੰਘ ਬਾਦਲ ਦੇ ਪਰਿਵਾਰ ਦੀ ਮੁੜ ਆਪਸੀ ਟੱਕਰ ਹੋ ਸਕਦੀ ਹੈ। ਇਸ ਵਾਰ ਇਹ ਟੱਕਰ ਮਹੇਸ਼ਇੰਦਰ ਸਿੰਘ ਬਾਦਲ ਦੇ ਪੁੱਤਰ ਫ਼ਤਿਹ ਸਿੰਘ ਬਾਦਲ ਵੱਲੋਂ ਕਾਂਗਰਸੀ ਉਮੀਦਵਾਰ ਵਜੋਂ ਦਿੱਤੇ ਜਾਣ ਦੀ ਚਰਚਾ ਛਿੜੀ ਹੋਈ ਹੈ। ਬਾਦਲ ਪਰਿਵਾਰ ਦੇ ਨੇੜੇ ਰਹੇ ਤਲਵੰਡੀ ਸਾਬੋ ਤੋਂ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਦੀ ਵੀ ਕਾਂਗਰਸ ਵੱਲੋਂ ਚੋਣ ਲੜਨ ਦੀ ਚਰਚਾ ਚੱਲ ਰਹੀ ਹੈ।