#INDIA

Ayodhya ‘ਚ ਰਾਮ ਮੰਦਰ ਸਮਾਗਮਾਂ ਲਈ ਸਖ਼ਤ ਸੁਰੱਖਿਆ ਪ੍ਰਬੰਧ

ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਮੌਕੇ ‘ਤੇ ਤਾਇਨਾਤ; ਵਿਸ਼ੇਸ਼ ਸੁਰੱਖਿਆ ਵਾਹਨ ਵੀ ਅਯੁੱਧਿਆ ਭੇਜੇ
ਨਵੀਂ ਦਿੱਲੀ/ਅਯੁੱਧਿਆ, 19 ਜਨਵਰੀ (ਪੰਜਾਬ ਮੇਲ)- ਅਯੁੱਧਿਆ ਦੇ ਰਾਮ ਮੰਦਰ ਦੇ ਸਮਾਗਮਾਂ ਦੇ ਮੱਦੇਨਜ਼ਰ ਜਿੱਥੇ ਵੱਡੀ ਗਿਣਤੀ ‘ਚ ਲੋਕ ਪਹੁੰਚ ਰਹੇ ਹਨ, ਉੱਥੇ ਹੀ ਇੱਥੇ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਹਨ। ਭੂਚਾਲ ਤੇ ਹੜ੍ਹਾਂ ਜਿਹੀਆਂ ਘਟਨਾਵਾਂ ਦੇ ਨਾਲ ਹੀ ਰਾਸਾਇਣਕ, ਜੈਵਿਕ, ਰੇਡੀਆਲੋਜੀਕਲ ਤੇ ਪਰਮਾਣੂ ਹਮਲਿਆਂ ਨਾਲ ਨਜਿੱਠਣ ਲਈ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਅਯੁੱਧਿਆ ‘ਚ ਤਾਇਨਾਤ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਸ਼ਹਿਰ ਦੇ ਹਸਪਤਾਲਾਂ ਤੇ ਮੈਡੀਕਲ ਕਾਲਜਾਂ ‘ਚ ਬੈੱਡ ਰਾਖਵੇਂ ਰੱਖੇ ਗਏ ਹਨ ਤੇ ਏਮਸ ਦੇ ਮਾਹਰਾਂ ਨੇ ਅਯੁੱਧਿਆ ‘ਚ ਸਿਹਤ ਸੰਭਾਲ ਸੰਸਥਾਵਾਂ ‘ਚ ਡਾਕਟਰਾਂ ਨੂੰ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਦੀ ਸਿਖਲਾਈ ਦਿੱਤੀ ਗਈ ਹੈ। ਐੱਨ.ਡੀ.ਆਰ.ਐੱਫ. ਦੇ ਡਾਇਰੈਕਟਰ ਜਨਰਲ ਅਤੁਲ ਕੜਵਾਲ ਨੇ ਦੱਸਿਆ ਕਿ ਇਹ ਟੀਮਾਂ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਅਯੁੱਧਿਆ ‘ਚ ਅਭਿਆਸ ਕਰ ਰਹੀਆਂ ਹਨ। ਉਨ੍ਹਾਂ ਨਵੀਂ ਦਿੱਲੀ ‘ਚ ਐੱਨ.ਡੀ.ਆਰ.ਐੱਫ. ਦੇ 19ਵੇਂ ਸਥਾਪਨਾ ਦਿਵਸ ਸਮਾਗਮ ਦੌਰਾਨ ਕਿਹਾ, ‘ਐੱਨ.ਡੀ.ਆਰ.ਐੱਫ. ਦੀਆਂ ਕਈ ਟੀਮਾਂ, ਦਿੱਲੀ ‘ਚ ਹਾਲ ਹੀ ਵਿਚ ਮੁਕੰਮਲ ਹੋਏ ਜੀ-20 ਸਿਖਰ ਸੰਮੇਲਨ ਦੌਰਾਨ ਖਰੀਦੇ ਗਏ ਹਜ਼ਮਤ ਵਾਹਨ ਅਯੁੱਧਿਆ ‘ਚ ਤਾਇਨਾਤ ਕੀਤੇ ਗਏ ਹਨ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਆਫਤ ਜਾਂ ਪ੍ਰੇਸ਼ਾਨੀ ਨਾਲ ਅਸਰਦਾਰ ਢੰਗ ਨਾਲ ਨਜਿੱਠਿਆ ਜਾ ਸਕੇ।’ ਕੜਵਾਲ ਨੇ ਕਿਹਾ ਕਿ ਸਾਡੀ ਬਟਾਲੀਅਨ ਦੇ ਕਮਾਂਡਿੰਗ ਅਫਸਰ ਅਯੁੱਧਿਆ ‘ਚ ਤਾਇਨਾਤ ਹਨ। ਇਹ ਟੀਮਾਂ 22 ਜਨਵਰੀ ਦੇ ਸਮਾਗਮ ਤੋਂ ਬਾਅਦ ਵੀ ਅਯੁੱਧਿਆ ‘ਚ ਉਦੋਂ ਤੱਕ ਤਾਇਨਾਤ ਰਹਿਣਗੀਆਂ ਜਦੋਂ ਤੱਕ ਸ਼ਹਿਰ ‘ਚ ਸ਼ਰਧਾਲੂਆਂ ਦੀ ਭੀੜ ਬਣੀ ਰਹੇਗੀ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਐੱਨ.ਡੀ.ਆਰ.ਐੱਫ. ਦੀ ਗੋਤਾਖੋਰ ਟੀਮਾਂ ਨੂੰ ਸਰਯੂ ਨਦੀ ਤੇ ਸ਼ਹਿਰ ਦੇ ਹੋਰ ਜਲ ਸਰੋਤਾਂ ਨੇੜੇ ਤਾਇਨਾਤ ਕੀਤਾ ਗਿਆ ਤਾਂ ਜੋ ਕਿਸੇ ਵੀ ਡੁੱਬਣ ਨਾਲ ਸਬੰਧਤ ਘਟਨਾ ਨਾਲ ਨਜਿੱਠਿਆ ਜਾ ਸਕੇ। ਐੱਨ.ਡੀ.ਆਰ.ਐੱਫ. ਦੀ 2006 ‘ਚ ਅੱਜ ਦੇ ਹੀ ਦਿਨ ਸਥਾਪਨਾ ਹੋਈ ਸੀ ਅਤੇ ਇਸ ਸਮੇਂ ਉਸ ਦੀਆਂ 16 ਬਟਾਲੀਅਨਾਂ ਤੇ 25 ਖੇਤਰੀ ਕੇਂਦਰਾਂ ਤਹਿਤ ਦੇਸ਼ ਭਰ ‘ਚ 18 ਹਜ਼ਾਰ ਪੁਰਸ਼ ਤੇ ਮਹਿਲਾ ਕਰਮੀ ਤਾਇਨਾਤ ਹਨ। ਇਸੇ ਤਰ੍ਹਾਂ ਮੰਦਰ ‘ਚ ਵੱਡੀ ਗਿਣਤੀ ਵਿਚ ਆਉਣ ਵਾਲੇ ਸ਼ਰਧਾਲੂਆਂ ਦੇ ਮੱਦੇਨਜ਼ਰ ਅਯੁੱਧਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਸਿਹਤ ਸਬੰਧੀ ਤੇ ਖਾਸ ਕਰਕੇ ਕੜਾਕੇ ਦੀ ਠੰਢ ਨੂੰ ਦੇਖਦਿਆਂ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਦਾ ਪ੍ਰਬੰਧ ਕੀਤਾ ਹੈ।