ਦੁਬੲਂੀ, 27 ਸਤੰਬਰ (ਪੰਜਾਬ ਮੇਲ)- ਭਾਰਤ ਨੇ ਅੱਜ ਇਥੇ ਸੁਪਰ 4 ਗੇੜ ਦੇ ਆਪਣੇ ਆਖਰੀ ਤੇ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਸ੍ਰੀਲੰਕਾ ਨੂੰ ਸੁਪਰ ਓਵਰ ਵਿਚ ਹਰਾ ਦਿੱਤਾ। ਭਾਰਤr ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 202/5 ਦਾ ਸਕੋਰ ਬਣਾਇਆ। ਟੀਚੇ ਦਾ ਪਿਛਾ ਕਰਦਿਆਂ ਸ੍ਰੀਲੰਕਾ ਦੀ ਟੀਮ ਨੇ ਵੀ ਪਥੁਮ ਨਿਸਾਂਕਾ (107) ਦੀ ਸੈਂਕੜੇ ਵਾਲੀ ਪਾਰੀ ਤੇ ਦੂਜੇ ਵਿਕਟ ਲਈ ਕੁਸਲ ਪਰੇਰਾ (58) ਨਾਲ 127 ਦੌੜਾਂ ਦੀ ਭਾਈਵਾਲੀ ਦੀ ਬਦੌਲਤ ਨਿਰਧਾਰਿਤ 20 ਓਵਰਾਂ ਵਿਚ 202/5 ਦਾ ਸਕੋਰ ਬਣਾਇਆ।
ਸੁਪਰ ਓਵਰ ਵਿਚ ਸ੍ਰੀਲੰਕਾ ਨੇ ਪਹਿਲਾ ਬੱਲੇਬਾਜ਼ੀ ਕਰਦਿਆਂ 2 ਵਿਕਟਾਂ ਦੇ ਨੁਕਸਾਨ ਨਾਲ 2 ਦੌੜਾਂ ਬਣਾਈਆਂ। ਭਾਰਤ ਲਈ ਸੁਪਰ ਓਵਰ ਅਰਸ਼ਦੀਪ ਸਿੰਘ ਨੇ ਕੀਤਾ। ਭਾਰਤ ਨੇ ਸੁਪਰ ਓਵਰ ਵਿਚ ਬੱਲੇਬਾਜ਼ੀ ਲਈ ਕਪਤਾਨ ਸੂਰਿਆਕੁਮਾਰ ਯਾਦਵ ਤੇ ਸ਼ੁਭਮਨ ਗਿੰਲ ਨੂੰ ਉਤਾਰਿਆ। ਸੂਰਿਆਕੁਮਾਰ ਨੇ ਹਸਰੰਗਾ ਦੀ ਪਹਿਲੀ ਗੇਂਦ ’ਤੇ ਤਿੰਨ ਦੌੜਾਂ ਲੈ ਕੇ ਮੈਚ ਭਾਰਤ ਦੀ ਝੋਲੀ ਪਾ ਦਿੱਤਾ। ਅਰਸ਼ਦੀਪ ਸਿੰਘ ਨੂੰ ‘ਗੇਮ ਚੇਂਜਰ ਆਫ਼ ਦਿ ਮੈਚ’ ਜਦੋਂਕਿ ਨਿਸਾਂਕਾ ਨੂੰ ‘ਪਲੇਅਰ ਆਫ਼ ਦਿ ਮੈਚ‘ ਐਲਾਨਿਆ ਗਿਆ। ਸ੍ਰੀਲੰਕਾ ਲਈ ਨਿਸਾਂਕਾ ਨੇ ਟੂਰਨਾਮੈਂਟ ਦਾ ਪਹਿਲਾ ਸੈਂਕੜਾ ਜੜਿਆ। ਨਿਸਾਂਕਾ ਨੇ 52 ਗੇਂਦਾਂ ਵਿਚ ਟੀ20 ਕ੍ਰਿਕਟ ਵਿਚ ਆਪਣਾ ਪਲੇਠਾ ਸੈਂਕੜਾ ਪੂਰਾ ਕੀਤਾ। ਸੱਜੇ ਹੱਥ ਦੇ ਬੱਲੇਬਾਜ਼ ਨੇ 58 ਗੇਂਦਾਂ ਵਿਚ 7 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 107 ਦੌੜਾਂ ਬਣਾਈਆਂ। ਨਿਸਾਂਕਾ ਤੇ ਕੁਸ਼ਲ ਪਰੇਰਾ ਨੇ ਦੂਜੀ ਵਿਕਟ ਲਈ 127 ਦੌੜਾਂ ਦੀ ਭਾਈਵਾਲੀ ਕੀਤੀ। ਵਰੁਣ ਚੱਕਰਵਰਤੀ ਨੇ ਪਰੇਰਾ ਨੂੰ ਆਊਟ ਕਰਕੇ ਇਸ ਭਾਈਵਾਲੀ ਨੂੰ ਤੋੜਿਆ। ਪਰੇਰਾ ਨੇ 32 ਗੇਂਦਾਂ ਵਿਚ 58 ਦੌੜਾਂ ਬਣਾਈਆਂ।