ਜੈਕਸਨ (ਅਮਰੀਕਾ), 15 ਦਸੰਬਰ (ਪੰਜਾਬ ਮੇਲ)- ਦੁਨੀਆਂ ਭਰ ਵਿਚ ਮਨੁੱਖੀ ਅਧਿਕਾਰਾਂ ਦੇ ਮੁੱਦੇ ਉਠਾਉਣ ਵਾਲੇ ਅਮਰੀਕਾ ਵਿਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ 10 ਸਾਲਾ ਸਿਆਹ (ਕਾਲੇ) ਬੱਚੇ ਨੂੰ ਸਿਰਫ਼ ਇਸ ਲਈ ਸਜ਼ਾ ਸੁਣਾਈ ਗਈ ਹੈ ਕਿਉਂਕਿ ਉਸ ਨੇ ਆਪਣੀ ਮਾਂ ਦੀ ਕਾਰ ਦੇ ਪਿੱਛੇ ਪਿਸ਼ਾਬ ਕਰ ਦਿੱਤਾ ਸੀ। ਮਿਸੀਸਿਪੀ ਵਿਚ ਅਦਾਲਤ ਦੇ ਜੱਜ ਰਸਟੀ ਹਾਰਲਾ ਨੇ ਲੜਕੇ ਨੂੰ ਤਿੰਨ ਮਹੀਨਿਆਂ ਲਈ ਹਰ ਮਹੀਨੇ ਇੱਕ ਵਾਰ ਪ੍ਰੋਬੇਸ਼ਨ ਅਫਸਰ ਦੇ ਸਾਹਮਣੇ ਪੇਸ਼ ਹੋਣ ਅਤੇ ਮਰਹੂਮ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇਨਟ ਬਾਰੇ ਦੋ ਪੰਨਿਆਂ ਦਾ ਲੇਖ ਲਿਖਣ ਦੀ ਸਜ਼ਾ ਸੁਣਾਈ। ਬੱਚੇ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਅਜਿਹਾ ਕਰਨ ‘ਤੇ ਕਿਸੇ ਗੋਰੇ ਬੱਚੇ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ। ਬੱਚੇ ਦੀ ਮਾਂ ਨੇ ਦੱਸਿਆ ਕਿ ਉਸ ਦੇ ਬੇਟੇ ਨੇ 10 ਅਗਸਤ ਨੂੰ ਉਦੋਂ ਕਾਰ ਦੇ ਪਿੱਛੇ ਪਿਸ਼ਾਬ ਕੀਤਾ, ਜਦੋਂ ਉਹ ਵਕੀਲ ਦੇ ਦਫ਼ਤਰ ਗਈ ਸੀ। ਸ਼ਹਿਰ ਦੇ ਪੁਲਿਸ ਅਧਿਕਾਰੀ ਨੇ ਬੱਚੇ ਨੂੰ ਪਿਸ਼ਾਬ ਕਰਦੇ ਦੇਖਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਅਧਿਕਾਰੀ ਉਸ ਨੂੰ ਕਾਰ ਵਿਚ ਬਿਠਾ ਕੇ ਥਾਣੇ ਲੈ ਗਏ।