#AMERICA

America ‘ਚ ਦੋ ਛੋਟੇ ਜਹਾਜ਼ ਹਾਦਸਾਗ੍ਰਸਤ ਹੋ ਕੇ ਜ਼ਮੀਨ ‘ਤੇ ਡਿੱਗੇ; 5 Candian ਨਾਗਰਿਕਾਂ ਸਮੇਤ 8 ਮੌਤਾਂ

ਸੈਕਰਾਮੈਂਟੋ, 7 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਵਿਚ ਦੋ ਛੋਟੇ ਜਹਾਜ਼ਾਂ ਦੇ ਹਾਦਸਾਗ੍ਰਸਤ ਹੋ ਕੇ ਜ਼ਮੀਨ ਉਪਰ ਡਿੱਗ ਪੈਣ ਦੀ ਖਬਰ ਹੈ ਤੇ ਜਿਨ੍ਹਾਂ ਵਿਚ ਸਵਾਰ 3 ਬੱਚਿਆਂ ਸਮੇਤ ਸਾਰੇ 8 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ। ਮਾਰੇ ਗਏ ਵਿਅਕਤੀਆਂ ਵਿਚ 5 ਜਣੇ ਕੈਨੇਡਾ ਦੇ ਨਾਗਰਿਕ ਸਨ। ਦੋਨਾਂ ਹੀ ਘਟਨਾਵਾਂ ਵਿਚ ਜ਼ਮੀਨ ਉਪਰ ਡਿੱਗਣ ਉਪਰੰਤ ਜਹਾਜ਼ਾਂ ਨੂੰ ਅੱਗ ਲੱਗ ਗਈ।
5 ਕੈਨੇਡੀਅਨਾਂ ਦੀ ਮੌਤ-
ਟੈਨੇਸੀ ਰਾਜ ਵਿਚ ਨੈਸ਼ਵਿਲੇ ਦੇ ਇੰਟਰਸਟੇਟ 40 ਨੇੜੇ ਤਬਾਹ ਹੋਏ ਇਕ ਛੋਟੇ ਜਹਾਜ਼ ਵਿਚ ਸਵਾਰ 3 ਬੱਚਿਆਂ ਸਮੇਤ ਸਾਰੇ 5 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਜਾਂਚਕਾਰ ਆਰੋਨ ਮੈਕਕਾਰਟਰ ਨੇ ਕਿਹਾ ਹੈ ਕਿ ਮਾਰੇ ਗਏ ਲੋਕ ਕੈਨੇਡਾ ਦੇ ਨਾਗਰਿਕ ਹਨ, ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਮੈਟਰੋ ਨੈਸ਼ਵਿਲੇ ਪੁਲਿਸ ਵਿਭਾਗ ਦੇ ਬੁਲਾਰੇ ਡਾਨ ਆਰੋਨ ਅਨੁਸਾਰ ਇੰਜਣ ਫੇਲ ਹੋ ਜਾਣ ਤੋਂ ਬਾਅਦ ਜਹਾਜ਼ ਨੂੰ ਜੌਹਨ ਸੀ ਟਿਊਨ ਏਅਰਪੋਰਟ ‘ਤੇ ਉਤਰਣ ਦੀ ਇਜਾਜਤ ਦਿੱਤੀ ਗਈ ਸੀ ਪਰੰਤੂ ਜਹਾਜ਼ ਹਵਾਈ ਅੱਡੇ ‘ਤੇ ਉਤਰਨ ਵਿਚ ਅਸਫਲ ਰਿਹਾ ਤੇ ਰਾਸ਼ਟਰੀ ਮਾਰਗ ਨੇੜੇ ਜਾ ਡਿੱਗਾ ਤੇ ਉਸ ਨੂੰ ਅੱਗ ਲੱਗ ਗਈ, ਜਿਸ ਕਾਰਨ ਜਹਾਜ਼ ਵਿਚ ਸਵਾਰ ਕੋਈ ਵੀ ਵਿਅਕਤੀ ਬਚ ਨਹੀਂ ਸਕਿਆ।
ਫਲੋਰਿਡਾ ਵਿਚ ਹਾਦਸਾ-
ਅਮਰੀਕਾ ਦੇ ਫਲੋਰਿਡਾ ਰਾਜ ਵਿਚ ਕਲੀਅਰਵਾਟਰ ਵਿਖੇ ਇਕ ਮੋਬਾਇਲ ਹੋਮ ਪਾਰਕ ਵਿਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਕੇ ਇਕ ਘਰ ਉਪਰ ਡਿੱਗ ਜਾਣ ਦੀ ਰਿਪੋਰਟ ਹੈ। ਡਿੱਗਦੇ ਸਾਰ ਹੀ ਜਹਾਜ਼ ਨੂੰ ਅੱਗ ਲੱਗ ਗਈ ਤੇ ਪਾਇਲਟ ਸਮੇਤ 3 ਵਿਅਕਤੀ ਮਾਰੇ ਗਏ। ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ (ਐੱਫ.ਏ.ਏ.) ਦੀ ਰਿਪੋਰਟ ਅਨੁਸਾਰ ਜਹਾਜ਼ ਵਿਚ ਇਕੱਲਾ ਪਾਇਲਟ ਹੀ ਸੀ, ਜੋ ਮਾਰਿਆ ਗਿਆ, ਜਦਕਿ 2 ਵਿਅਕਤੀ ਉਸ ਘਰ ਵਿਚ ਰਹਿੰਦੇ ਸਨ, ਜਿਸ ਉਪਰ ਜਹਾਜ਼ ਡਿੱਗਾ। ਉਹ ਵੀ ਮਾਰੇ ਗਏ। ਇਹ ਹਾਦਸਾ ਸ਼ਾਮ 7.27 ਵਜੇ ਦੇ ਕਰੀਬ ਵਾਪਰਿਆ। ਐੱਫ.ਏ.ਏ. ਅਨੁਸਾਰ ਇਹ ਹਾਦਸਾ ਅਗਿਆਤ ਹਾਲਾਤ ਵਿਚ ਵਾਪਰਿਆ। ਕਲੀਅਰਵਾਟਰ ਫਾਇਰ ਰੈਸਕਿਊ ਵਿਭਾਗ ਨੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਘਰ ਵਿਚ 9 ਜਣੇ ਰਹਿੰਦੇ ਹਨ ਪਰੰਤੂ ਜਿਸ ਸਮੇਂ ਹਾਦਸਾ ਵਾਪਰਿਆ, ਉਸ ਵੇਲੇ ਘਰ ਅੰਦਰ 2 ਹੀ ਵਿਅਕਤੀ ਮੌਜੂਦ ਸਨ, ਜਿਸ ਕਾਰਨ ਵਧੇਰੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਅੱਗ ਬੁਝਾਊ ਵਿਭਾਗ ਦੇ ਮੁਖੀ ਸਕਾਟ ਏਹਲਰਜ ਅਨੁਸਾਰ ਅੱਗ 4 ਘਰਾਂ ਨੂੰ ਲੱਗੀ ਹੈ, ਜਿਸ ਉਪਰ ਕਾਬੂ ਪਾ ਲਿਆ ਗਿਆ ਹੈ। ਸਥਾਨਕ ਵਸਨੀਕਾਂ ਅਨੁਸਾਰ ਹਾਦਸੇ ਸਮੇਂ ਜ਼ੋਰਦਾਰ ਧਮਾਕਾ ਹੋਇਆ।