#AMERICA

America ਜਲਦ ਸ਼ੁਰੂ ਕਰੇਗਾ ‘ਕਾਗਜ਼ ਰਹਿਤ ਵੀਜ਼ਾ’

* ਪਾਸਪੋਰਟ ‘ਤੇ ਵੀਜ਼ਾ ਸਟਿੱਕਰ ਜਾਂ ਮੋਹਰ ਲਾਉਣਾ ਹੁਣ ਅਤੀਤ ਦੀ ਗੱਲ ਹੋ ਜਾਵੇਗੀ
* ਪਹਿਲਾਂ ਭਾਰਤ ਸਮੇਤ ਕੁਝ ਚੋਣਵੇਂ ਦੇਸ਼ਾਂ ‘ਚ ਲਾਗੂ ਹੋਵੇਗੀ ਪ੍ਰਣਾਲੀ
ਵਾਸ਼ਿੰਗਟਨ, 2 ਦਸੰਬਰ (ਪੰਜਾਬ ਮੇਲ)-ਅਮਰੀਕਾ ਜਲਦ ਦੁਨੀਆਂ ਦਾ ਪਹਿਲਾ ਦੇਸ਼ ਬਣਨ ਜਾ ਰਿਹਾ ਹੈ ਜੋ ‘ਪੇਪਰਲੈੱਸ ਵੀਜ਼ਾ’ ਪ੍ਰਣਾਲੀ ਸ਼ੁਰੂ ਕਰ ਰਿਹਾ ਹੈ, ਜਿਸ ਦਾ ਪਾਇਲਟ ਪ੍ਰੋਗਰਾਮ ਮੁਕੰਮਲ ਕਰ ਲਿਆ ਹੈ। ਵੀਜ਼ਾ ਸੇਵਾਵਾਂ ਲਈ ਉਪ ਸਹਾਇਕ ‘ਜੂਲੀ ਸਟਫ਼ਟ’ ਨੇ ਕਿਹਾ ਕਿ ਅਮਰੀਕਾ ਵੀਜ਼ਾ ਬਿਨੈਕਾਰਾਂ ਦਾ ਪਾਸਪੋਰਟ ਪੰਨਿਆਂ ‘ਤੇ ਮੋਹਰ ਲਗਾਉਣਾ ਜਾਂ ਸਟਿੱਕਰ ਚਿਪਕਾਉਣਾ ਅਤੀਤ ਦੀ ਗੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਬਾਈਡਨ ਪ੍ਰਸ਼ਾਸਨ ਨੇ ‘ਕਾਗਜ਼ ਰਹਿਤ ਵੀਜ਼ਾ’ ਜਾਰੀ ਕਰਨ ਲਈ ਇਕ ਪਾਇਲਟ ਪ੍ਰਾਜੈਕਟ ਪੂਰਾ ਕੀਤਾ ਹੈ। ਜੂਲੀ ਸਟਫ਼ਟ ਨੇ ਕਿਹਾ ਕਿ ਇਹ ਪ੍ਰਾਜੈਕਟ ‘ਡਬਲਿਨ’ ਵਿਚ ਆਪਣੇ ਕੂਟਨੀਤਿਕ ਮਿਸ਼ਨ ਵਿਚ ਛੋਟੇ ਪੈਮਾਨੇ ਦੇ ਪ੍ਰੋਗਰਾਮਾਂ ਨਾਲ ਪੂਰਾ ਕੀਤਾ ਹੈ ਅਤੇ ਜਲਦੀ ਹੀ ਉਹ ਇਸ ਨੂੰ ਰੋਲ ਆਊਟ ਕਰਨ ਦੀ ਯੋਜਨਾ ਬਣਾ ਰਹੇ ਹਨ। ਜੂਲੀ ਨੇ ਕਿਹਾ ਕਿ ਸਾਨੂੰ ਇਸ ਦੀ ਵਿਆਪਕ ਵਰਤੋਂ ਕਰਨ ਲਈ ਸ਼ਾਇਦ 18 ਮਹੀਨੇ ਜਾਂ ਇਸ ਤੋਂ ਥੋੜ੍ਹਾ ਜ਼ਿਆਦਾ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਪੇਪਰ ਲੈੱਸ ਵੀਜ਼ਾ ਚੋਣਵੇਂ ਦੇਸ਼ਾਂ ਵਿਚ ਸ਼ੁਰੂ ਹੋਵੇਗਾ। ਸਾਨੂੰ ਉਮੀਦ ਹੈ ਕਿ ਭਾਰਤ ਵੀ ਇਸ ਵਿਚ ਸ਼ਾਮਲ ਹੋਵੇਗਾ ਅਤੇ ਬਾਅਦ ਵਿਚ ਇਹ ਸਾਰੇ ਦੇਸ਼ਾਂ ਵਿਚ ਲਾਗੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਾਇਦ ਇਕ ਐਪ ਦੀ ਜ਼ਰੂਰਤ ਹੋਵੇਗੀ ਜੋ ਲੋਕਾਂ ਨੂੰ ਉਨ੍ਹਾਂ ਦੇ ਪਾਸਪੋਰਟ ਵਿਚ ਕਾਗਜ਼ ਵੀਜ਼ੇ ਦੇ ਬਗ਼ੈਰ ਉਨ੍ਹਾਂ ਨੂੰ ਵੀਜ਼ਾ ਸਥਿਤੀ ਦਿਖਾਉਣ ਦੀ ਇਜਾਜ਼ਤ ਦੇਵੇਗਾ।
ਜੂਲੀ ਸਟਫ਼ਟ ਨੇ ਕਿਹਾ ਕਿ ਜੋ ਲੋਕ ਪਹਿਲੀ ਵਾਰ ਵੀਜ਼ਾ ਅਪਲਾਈ ਕਰਨਗੇ ਉਨ੍ਹਾਂ ਨੂੰ ਪਹਿਲਾਂ ਵਾਂਗ ਹੀ ਫਾਰਮ ਭਰਨਾ ਪਵੇਗਾ ਅਤੇ ਉਸ ਦੀ ਕਾਨੂੰਨ ਅਨੁਸਾਰ ਅੰਬੈਸੀ ਵਿਚ ਇੰਟਰਵਿਊ ਵੀ ਹੋਵੇਗੀ ਪਰ ਜਦੋਂ ਤੁਸੀਂ ਆਪਣਾ ਵੀਜ਼ਾ ਰੀਨਿਊ ਕਰਨਾ ਹੋਵੇਗਾ ਤਾਂ ਉਸ ਮੌਕੇ ਤੁਹਾਡੇ ਪਾਸਪੋਰਟ ‘ਤੇ ਕੋਈ ਸਟਿੱਕਰ ਜਾਂ ਪੇਪਰ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਇਹ ਵੀਜ਼ਾ ਭਾਰਤ ਜਾਂ ਕੁਝ ਹੋਰ ਦੇਸ਼ਾਂ ਵਾਂਗ ਈ-ਵੀਜ਼ਾ ਵਰਗਾ ਨਹੀਂ ਹੋਵੇਗਾ। ਜੂਲੀ ਨੇ ਕਿਹਾ ਕਿ ਭਾਰਤ ਦੇ ਈ-ਵੀਜ਼ਾ ਅਤੇ ਇਸ ਪੇਪਰਲੈੱਸ ਵੀਜ਼ੇ ਵਿਚ ਬਹੁਤ ਅੰਤਰ ਹੈ ਪਰ ਲੋਕਾਂ ਲਈ ਕਾਗਜ਼ ਦੇ ਬਿਨਾਂ ਆਪਣੇ ਵੀਜ਼ੇ ਨੂੰ ਰੀਨਿਊ ਕਰਨ ਦੀ ਯੋਗਤਾ ਦਾ ਮਤਲਬ ਹੈ ਕਿ ਲੋਕ ਆਪਣਾ ਪਾਸਪੋਰਟ ਰੱਖ ਸਕਦੇ ਹਨ। ਉਨ੍ਹਾਂ ਕਿਹਾ ਅਸੀਂ ਡਬਲਿਨ ਵਿਚ ਆਪਣੇ ਦੂਤਾਵਾਸ ਤੋਂ ਇਸ ਦੀ ਸ਼ੁਰੂਆਤ ਸੈਲਾਨੀ ਵੀਜ਼ੇ ਨਾਲ ਕੀਤੀ ਹੈ ਤੇ ਹੋਰ ਕਿਸਮ ਦੇ ਵੀਜ਼ਿਆਂ ਦੀ ਤਿਆਰੀ ਕਰ ਰਹੇ ਹਾਂ।