#AMERICA

America ‘ਚ ਭਾਰਤੀ ਤੀਸਰੇ ਸਭ ਤੋਂ ਵੱਡੇ ਗੈਰ-ਕਾਨੂੰਨੀ ਪ੍ਰਵਾਸੀ ਆਬਾਦੀ

ਵਾਸ਼ਿੰਗਟਨ, 23 ਨਵੰਬਰ (ਪੰਜਾਬ ਮੇਲ)- ਅਮਰੀਕਾ ‘ਚ ਲਗਭਗ 7,25,000 ਭਾਰਤੀ ਗੈਰ-ਕਾਨੂੰਨੀ ਪ੍ਰਵਾਸੀ ਹਨ, ਜੋ ਮੈਕਸੀਕੋ ਅਤੇ ਅਲ ਸਲਵਾਡੋਰ ਤੋਂ ਬਾਅਦ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਤੀਜੀ ਸਭ ਤੋਂ ਵੱਡੀ ਆਬਾਦੀ ਹੈ। ਵਾਸ਼ਿੰਗਟਨ-ਆਧਾਰਿਤ ਥਿੰਕ ਟੈਂਕ ‘ਪਿਊ ਰਿਸਰਚ ਸੈਂਟਰ’ ਵੱਲੋਂ ਜਾਰੀ ਰਿਪੋਰਟ ਅਨੁਸਾਰ 2021 ਤੱਕ ਦੇਸ਼ ਦੇ 1.5 ਕਰੋੜ ਗੈਰ-ਕਾਨੂੰਨੀ ਪ੍ਰਵਾਸੀ ਕੁੱਲ ਅਮਰੀਕੀ ਆਬਾਦੀ ਦਾ ਲਗਭਗ 3 ਫ਼ੀਸਦੀ ਅਤੇ ਵਿਦੇਸ਼ਾਂ ‘ਚ ਜਨਮੀ ਆਬਾਦੀ ਦੀ 22 ਫ਼ੀਸਦੀ ਨੁਮਾਇੰਦਗੀ ਕਰਦੇ ਹਨ। 2007 ਤੋਂ 2021 ਤੱਕ ਦੁਨੀਆਂ ਦੇ ਲਗਭਗ ਹਰ ਖੇਤਰ ‘ਚ ਅਮਰੀਕਾ ‘ਚ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ‘ਚ ਇਕ ਮਹੱਤਵਪੂਰਨ ਵਾਧਾ ਹੋਇਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਮੈਕਸੀਕੋ ਤੋਂ ਅਮਰੀਕਾ ‘ਚ ਰਹਿ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 2021 ‘ਚ 41 ਲੱਖ ਸੀ, ਜੋ 1990 ਦੇ ਦਹਾਕੇ ਤੋਂ ਬਾਅਦ ਸਭ ਤੋਂ ਘੱਟ ਹੈ, ਦੂਜੇ ਨੰਬਰ ‘ਤੇ ਅਲ ਸੈਲਵਾਡੋਰ ਤੋਂ 8 ਲੱਖ, ਜਦੋਂਕਿ ਭਾਰਤ 7,25,000 ਗੈਰ-ਪ੍ਰਵਾਸੀਆਂ ਨਾਲ ਤੀਜੇ ਨੰਬਰ ‘ਤੇ ਹੈ।
ਰਿਪੋਰਟ ਅਨੁਸਾਰ 2021 ‘ਚ ਸਭ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀ ਆਬਾਦੀ ਵਾਲੇ ਛੇ ਰਾਜ ਸਨ: ਕੈਲੀਫੋਰਨੀਆ (19 ਲੱਖ), ਟੈਕਸਾਸ (16 ਲੱਖ), ਫਲੋਰੀਡਾ (9 ਲੱਖ), ਨਿਊਯਾਰਕ (6 ਲੱਖ), ਨਿਊ ਜਰਸੀ (4 ਲੱਖ, 50 ਹਜ਼ਾਰ) ਅਤੇ ਇਲੀਨੋਇਸ (4 ਲੱਖ)। ਰਿਪੋਰਟ ‘ਚ ਕਿਹਾ ਗਿਆ ਹੈ ਕਿ 2021 ‘ਚ ਦੂਜੇ ਦੇਸ਼ਾਂ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਆਬਾਦੀ 64 ਲੱਖ ਸੀ, ਜੋ ਕਿ 2017 ਤੋਂ 9 ਲੱਖ ਵੱਧ ਹੈ। ਦੂਜੇ ਦੇਸ਼ ਜਿਨ੍ਹਾਂ ‘ਚ ਸਭ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਲੇਖਾ-ਜੋਖਾ ਕੀਤਾ ਗਿਆ ਸੀ, ਉਹ ਸਨ ਗੁਆਟੇਮਾਲਾ (7 ਲੱਖ) ਅਤੇ ਹੋਂਡੂਰਸ (5 ਲੱਖ, 25 ਹਜ਼ਾਰ)।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ, ਗੁਆਟੇਮਾਲਾ ਤੇ ਹੋਂਡੂਰਸ ‘ਚ 2017 ਤੋਂ ਵੱਧ ਕੇ ਅਮਰੀਕਾ ‘ਚ ਗੈਰ-ਕਾਨੂੰਨੀ ਪ੍ਰਵਾਸੀ ਆਬਾਦੀ 2021 ‘ਚ ਸਾਢੇ 10 ਲੱਖ ਤੱਕ ਪਹੁੰਚ ਗਈ ਹੈ। ਪਿਊ ਰਿਸਰਚ ਸੈਂਟਰ ਦੇ ਨਵੇਂ ਅਨੁਮਾਨਾਂ ਅਨੁਸਾਰ ਮੱਧ ਅਮਰੀਕਾ, ਕੈਰੇਬੀਅਨ, ਦੱਖਣੀ ਅਮਰੀਕਾ, ਏਸ਼ੀਆ, ਯੂਰਪ ਅਤੇ ਉਪ-ਸਹਾਰਾ ਅਫਰੀਕਾ ਸਮੇਤ ਦੁਨੀਆਂ ਦੇ ਲਗਭਗ ਹਰ ਖੇਤਰ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ‘ਚ ਵਾਧਾ ਹੋਇਆ ਹੈ। ਇਸ ਦੌਰਾਨ ਕਾਨੂੰਨੀ ਪ੍ਰਵਾਸੀ ਆਬਾਦੀ ‘ਚ 29 ਫ਼ੀਸਦੀ ਵਾਧਾ ਹੋਇਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ 2021 ‘ਚ ਕਾਨੂੰਨੀ ਪ੍ਰਵਾਸੀ ਦੇਸ਼ ਦੇ ਸਾਰੇ ਪ੍ਰਵਾਸੀਆਂ ‘ਚੋਂ ਅੱਧੇ (49 ਫ਼ੀਸਦੀ) ਸਨ।