#INDIA

All party meet: ਰਾਜਨਾਥ ਦੀ ਅਗਵਾਈ ’ਚ ਸਰਬ ਪਾਰਟੀ ਮੀਟਿੰਗ; ਅਸੀਂ ਸਰਕਾਰ ਦੇ ਨਾਲ ਹਾਂ: ਕਾਂਗਰਸ

ਨਵੀਂ ਦਿੱਲੀ, 8 ਮਈ (ਪੰਜਾਬ ਮੇਲ)- ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਦਰਮਿਆਨ ਸਰਕਾਰ ਨੇੇ ਵੀਰਵਾਰ ਨੂੰ ਸਰਬ ਪਾਰਟੀ ਮੀਟਿੰਗ ਸੱਦ ਕੇ ‘ਆਪ੍ਰੇਸ਼ਨ ਸਿੰਦੂਰ’ ਦੀ ਸਫਲਤਾ ਅਤੇ ਇਸ ਤੋਂ ਬਾਅਦ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ। ਉਧਰ ਕਾਂਗਰਸ ਨੇ ਮੀਟਿੰਗ ਉਪਰੰਤ ਕਿਹਾ ਕਿ ਉਹ ਸਰਕਾਰ ਦੇ ਨਾਲ ਹਨ। ਸੱਤਾਧਾਰੀ ਤੇ ਵਿਰੋਧੀ ਧਿਰਾਂ ਦੇ ਆਗੂ ਦਰਮਿਆਨ ਪਿਛਲੇ ਪੰਦਰਵਾੜੇ ਵਿੱਚ ਇਹ ਦੂਜੀ ਮੀਟਿੰਗ ਸੀ। ਕੇਂਦਰੀ ਮੰਤਰੀ ਰਾਜਨਾਥ ਸਿੰਘ, ਅਮਿਤ ਸ਼ਾਹ, ਐੱਸ. ਜੈਸ਼ੰਕਰ, ਜੇਪੀ ਨੱਡਾ ਅਤੇ ਨਿਰਮਲਾ ਸੀਤਾਰਮਨ ਨੇ ਸਰਕਾਰ ਦੀ ਨੁਮਾਇੰਦਗੀ ਕੀਤੀ, ਜਦੋਂ ਕਿ ਕਾਂਗਰਸ ਤੋਂ ਰਾਹੁਲ ਗਾਂਧੀ ਅਤੇ ਮਲਿਕਾਰੁਜਨ ਖੜਗੇ, ਤ੍ਰਿਣਮੂਲ ਕਾਂਗਰਸ ਦੇ ਸੰਦੀਪ ਬੰਦੋਪਾਧਿਆਏ ਅਤੇ ਡੀਐਮਕੇ ਦੇ ਟੀਆਰ ਬਾਲੂ ਮੀਟਿੰਗ ਵਿੱਚ ਪ੍ਰਮੁੱਖ ਵਿਰੋਧੀ ਹਸਤੀਆਂ ਵਿੱਚੋਂ ਸਨ। ਮੀਟਿੰਗ ਦੀ ਪ੍ਰਧਾਨਗੀ ਰਾਜਨਾਥ ਸਿੰਘ ਨੇ ਕੀਤੀ।

ਹੋਰ ਵਿਰੋਧੀ ਆਗੂਆਂ ਵਿੱਚ ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ, ‘ਆਪ’ ਦੇ ਸੰਜੈ ਸਿੰਘ, ਸ਼ਿਵ ਸੈਨਾ (ਯੂਬੀਟੀ) ਦੇ ਸੰਜੇ ਰਾਊਤ, ਐੱਨਸੀਪੀ (ਸਪਾ) ਦੀ ਸੁਪ੍ਰੀਆ ਸੂਲੇ, ਬੀਜੇਡੀ ਦੇ ਸਾਂਬਿਤ ਪਾਤਰਾ ਅਤੇ ਸੀਪੀਆਈ (ਐੱਮ) ਦੇ ਜੌਨ ਬ੍ਰਿਟਾਸ ਸ਼ਾਮਲ ਸਨ। ਜੇਡੀ(ਯੂ) ਦੇ ਨੇਤਾ ਸੰਜੈ ਝਾਅ, ਕੇਂਦਰੀ ਮੰਤਰੀ ਅਤੇ ਐੱਲਜੇਪੀ (ਰਾਮ ਵਿਲਾਸ) ਦੇ ਨੇਤਾ ਚਿਰਾਗ ਪਾਸਵਾਨ ਅਤੇ ਏਆਈਐਮਆਈਐਮ ਦੇ ਸੰਸਦ ਮੈਂਬਰ ਅਸਦੁਦੀਨ ਓਵਾਇਸੀ ਵੀ ਮੀਟਿੰਗ ਦਾ ਹਿੱਸਾ ਸਨ।

ਮੀਟਿੰਗ ਤੋਂ ਪਹਿਲਾਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਾਰਤ-ਪਾਕਿਸਤਾਨ ਤਣਾਅ ਸਬੰਧੀ ਮੌਜੂਦਾ ਹਾਲਾਤ ਬਾਰੇ ਸੰਖੇਪ ਜਾਣਕਾਰੀ ਦਿੱਤੀ। ਭਾਰਤ ਵੱਲੋਂ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਨੌਂ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ, ਪਾਕਿਸਤਾਨ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਭਾਰੀ ਗੋਲੀਬਾਰੀ ਕੀਤੀ, ਜਿਸ ਵਿੱਚ 15 ਵਿਅਕਤੀ ਮਾਰੇ ਗਏ ਅਤੇ 50 ਤੋਂ ਵੱਧ ਹੋਰ ਜ਼ਖਮੀ ਹੋ ਗਏ।