#PUNJAB

ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਮਨਪ੍ਰੀਤ ਬਾਦਲ

ਬਠਿੰਡਾ, 24 ਅਕਤੂਬਰ (ਪੰਜਾਬ ਮੇਲ)- ਪਲਾਟ ਖ਼ਰੀਦ ਮਾਮਲੇ ‘ਚ ਕਥਿਤ ਬੇਨਿਯਮੀਆਂ ਦੇ ਦੋਸ਼ਾਂ ਵਾਲੇ ਕੇਸ ਦਾ ਸਾਹਮਣਾ ਕਰ ਰਹੇ ਭਾਜਪਾ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਸਾਹਮਣੇ ਪੇਸ਼ ਨਹੀਂ ਹੋਏ। ਜਾਣਕਾਰੀ ਅਨੁਸਾਰ ਆਪਣੀ ਪਿੱਠ ‘ਚ ਦਰਦ ਦੇ ਹਵਾਲੇ ਨਾਲ ਉਨ੍ਹਾਂ 10 ਦਿਨਾਂ ਲਈ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਹੈ। ਇਸ ਸਬੰਧੀ ਮਨਪ੍ਰੀਤ ਬਾਦਲ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਨੇ ਪੀ.ਜੀ.ਆਈ. ਦੇ ਡਾਕਟਰਾਂ ਵੱਲੋਂ ਇਕ ਹਫ਼ਤੇ ਲਈ ਦਿੱਤੀ ਆਰਾਮ ਦੀ ਸਲਾਹ ਦਾ ਮੈਡੀਕਲ ਸਰਟੀਫਿਕੇਟ ਅਤੇ ਉਨ੍ਹਾਂ ਦਾ ਪਾਸਪੋਰਟ ਵਿਜੀਲੈਂਸ ਨੂੰ ਸੌਂਪਿਆ ਹੈ। ਐਡਵੋਕੇਟ ਭਿੰਡਰ ਨੇ ਮੀਡੀਆ ਨੂੰ ਦੱਸਿਆ ਕਿ ਮਨਪ੍ਰੀਤ ਸਿੰਘ ਬਾਦਲ ਦੀ ਪਿੱਠ ਵਿਚ ਦਰਦ ਰਹਿਣ ਕਾਰਨ ਉਹ ਤੁਰ-ਫਿਰ ਨਹੀਂ ਸਕਦੇ, ਇਸੇ ਲਈ ਉਨ੍ਹਾਂ ਨੂੰ ਨਿੱਜੀ ਪੇਸ਼ੀ ‘ਚ ਛੋਟ ਦੇਣ ਲਈ ਵਿਜੀਲੈਂਸ ਅਧਿਕਾਰੀਆਂ ਨੂੰ ਮੈਡੀਕਲ ਰਿਕਾਰਡ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮੁਵੱਕਿਲ ਪੀ.ਜੀ.ਆਈ. ਚੰਡੀਗੜ੍ਹ ‘ਚ ਇਲਾਜ ਚੱਲਦਾ ਹੋਣ ਕਰ ਕੇ ਪੇਸ਼ ਨਹੀਂ ਹੋ ਸਕਿਆ। ਵਿਜੀਲੈਂਸ ਅਧਿਕਾਰੀਆਂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਸੱਦਿਆ ਗਿਆ ਸੀ ਪਰ ਉਹ ਪੇਸ਼ ਨਹੀਂ ਹੋਏ ਅਤੇ ਉਨ੍ਹਾਂ ਨੇ ਆਪਣਾ ਮੈਡੀਕਲ ਸਰਟੀਫਿਕੇਟ ਭੇਜਿਆ ਹੈ। ਉਨ੍ਹਾਂ ਆਖਿਆ ਕਿ ਹੁਣ ਉੱਚ ਅਧਿਕਾਰੀਆਂ ਅਤੇ ਕਾਨੂੰਨੀ ਮਾਹਿਰਾਂ ਨਾਲ ਸਲਾਹ ਕਰ ਕੇ ਭਵਿੱਖੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

Leave a comment