ਚੰਡੀਗੜ੍ਹ, 17 ਅਕਤੂਬਰ (ਪੰਜਾਬ ਮੇਲ)- ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ 5 ਨਗਰ ਨਿਗਮਾਂ, ਜਿਨ੍ਹਾਂ ਵਿਚ ਆਮ ਚੋਣਾਂ ਕਰਵਾਈਆਂ ਜਾਣੀਆਂ ਹਨ, ਦੀਆਂ ਵੋਟਰ ਸੂਚੀਆਂ ਤਿਆਰੀ ਕਰਨ ਲਈ ਸਮਾਂ-ਸਾਰਣੀ ਜਾਰੀ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨੋਟੀਫਿਕੇਸ਼ਨ ਨੰ. 06/09/2023-5ਐੱਲ.ਜੀ. 1/1015, ਮਿਤੀ 5 ਅਕਤੂਬਰ, 2023 ਨੂੰ ਜਾਰੀ ਕੀਤਾ ਗਿਆ ਸੀ, ਜਿਸ ਅਨੁਸਾਰ ਪੰਜ ਨਗਰ ਨਿਗਮਾਂ (ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਫਗਵਾੜਾ) ਵਿਚ ਆਮ ਚੋਣਾਂ ਕਰਵਾਈਆਂ ਜਾਣੀਆਂ ਹਨ। ਸਥਾਨਕ ਸਰਕਾਰਾਂ ਵਿਭਾਗ ਵੱਲੋਂ ਕੀਤੀ ਨਵੀਨਤਮ ਵਾਰਡਬੰਦੀ ਅਨੁਸਾਰ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਤਿਆਰੀ ਕਰਨ ਲਈ ਸਮਾਂ-ਸਾਰਣੀ ਤਿਆਰ ਕੀਤੀ ਗਈ ਹੈ, ਜੋ ਹੇਠ ਲਿਖੇ ਅਨੁਸਾਰ ਹੈ:-
ਵੋਟਰ ਸੂਚੀਆਂ ਤਿਆਰ ਕਰਨ ਸਬੰਧੀ ਪ੍ਰੋਗਰਾਮ:
1. ਵੋਟਰ ਸੂਚੀਆਂ ਤਿਆਰੀ ਕਰਨ ਦੀ ਮਿਤੀ: 19-10-2023 ਤੱਕ
2. ਵੋਟਰ ਸੂਚੀਆਂ ਦਾ ਖਰੜਾ ਪ੍ਰਕਾਸ਼ਿਤ ਕਰਨ ਦੀ ਮਿਤੀ: 21-10-2023 ਤੱਕ
3. ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਆਖਰੀ ਮਿਤੀ: 31-10-2023
4. ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ: 08-11-2023 ਤੱਕ
5. ਵੋਟਰ ਸੂਚੀ ਦਾ ਅੰਤਿਮ ਪ੍ਰਕਾਸ਼ਨ: 10-11-2023
ਉਨ੍ਹਾਂ ਕਿਹਾ ਕਿ ਇਨ੍ਹਾਂ ਨਗਰ ਨਿਗਮਾਂ ਦੇ ਅਧਿਕਾਰ ਖੇਤਰ ਵਿਚ ਆਉਂਦੇ ਆਮ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਸਮਾਂ-ਸਾਰਣੀ ਤਹਿਤ ਨਿਰਧਾਰਤ ਸਮੇਂ ਦੌਰਾਨ ਸਬੰਧਤ ਈ.ਆਰ.ਓ. ਕੋਲ ਦਾਅਵੇ ਅਤੇ ਇਤਰਾਜ਼ ਪੇਸ਼ ਕਰ ਸਕਦੇ ਹਨ।