#AMERICA

ਜਹਾਜ਼ ‘ਚ ‘ਡਾਇਪਰ’ ਨੇ ਮਚਾਈ ਹਲਚਲ; ‘ਬੰਬ’ ਸਮਝ ਜਲਦਬਾਜ਼ੀ ‘ਚ ਕਰਵਾਈ ਲੈਡਿੰਗ

ਫਲੋਰੀਡਾ, 14 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਪਨਾਮਾ ਸਿਟੀ ਤੋਂ ਫਲੋਰੀਡਾ ਦੇ ਟੈਂਪਾ ਸ਼ਹਿਰ ਲਈ ਉਡਾਣ ਭਰਨ ਵਾਲੇ ਇਕ ਜਹਾਜ਼ ‘ਚ ”ਡਾਇਪਰ” ਹੋਣ ਕਾਰਨ ਹਲਚਲ ਮਚ ਗਈ। ਡਾਇਪਰ ਨੂੰ ਬੰਬ ਸਮਝਣ ਦੇ ਕਾਰਨ ਪੈਦਾ ਹੋਈ ਹਲਚਲ ਕਾਰਨ ਜ਼ਹਾਜ਼ ਨੂੰ ਜਲਦਬਾਜ਼ੀ ‘ਚ ਟੋਕੁਮੇਨ ਇੰਟਰਨੈਸ਼ਨਲ ਏਅਰਪੋਰਟ ‘ਤੇ ਪਰਤਣਾ ਪਿਆ। ਹਾਲਾਂਕਿ, ਜਾਂਚ ਤੋਂ ਬਾਅਦ ਇਹ ਪਤਾ ਲੱਗਾ ਕਿ ਜਿਸ ਚੀਜ਼ ਨੂੰ ਬੰਬ ਸਮਝਿਆ ਜਾ ਰਿਹਾ ਸੀ, ਉਹ ਅਸਲ ਵਿਚ ਇੱਕ ਬਾਲਗ ਦਾ ਡਾਇਪਰ ਸੀ। ਜਹਾਜ਼ ਵਿਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਪਨਾਮਾ ਸਿਟੀ ਹਵਾਈ ਅੱਡੇ ‘ਤੇ ਵਾਪਸ ਉਤਰਨਾ ਪਿਆ।
ਪਨਾਮਾ ਦੀ ਸਿਵਲ ਐਰੋਨਾਟਿਕਸ ਅਥਾਰਟੀ ਨੇ ਐਕਸ (ਟਵਿਟ) ‘ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਡਾਣ ਬੋਇੰਗ 737-800 ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਹਵਾਈ ਅੱਡੇ ‘ਤੇ ਉਤਰਿਆ ਗਿਆ। ਉਡਾਣ ਨੂੰ ਇਕ ਵੱਖਰੇ ਹਵਾਈ ਅੱਡੇ ‘ਤੇ ਲਿਜਾਇਆ ਗਿਆ, ਜਿੱਥੇ 144 ਯਾਤਰੀਆਂ ਨੂੰ ਸੁਰੱਖਿਅਤ ਉਤਾਰਿਆ ਗਿਆ। ਇਸ ਤੋਂ ਬਾਅਦ ਵਿਸਫੋਟਕ ਵਿਰੋਧੀ ਟੀਮ ਵਲੋਂ ਜਹਾਜ਼ ਦੀ ਤਲਾਸ਼ੀ ਲਈ ਗਈ।
ਹਵਾਈ ਅੱਡੇ ਦੇ ਸੁਰੱਖਿਆ ਦਲ ਦੇ ਮੁਖੀ ਜੋਸ ਕਾਸਤਰੋ ਨੇ ਕਿਹਾ ਕਿ ਜਹਾਜ਼ ਦੇ ਟਾਇਲਟ ਵਿੱਚੋਂ ਇੱਕ ਸ਼ੱਕੀ ਚੀਜ਼ ਮਿਲੀ, ਜੋ ਕਿਸੇ ਬਾਲਗ ਦਾ ਡਾਇਪਰ ਸੀ। ਕਾਸਤਰੋ ਨੇ ਕਿਹਾ, ”ਸਾਡੇ ਕੋਲ ਇੱਕ ਸੁਰੱਖਿਅਤ ਰਨਵੇ ਸੀ, ਜਿੱਥੇ ਪੁਲਿਸ ਦੇ ਵਿਸ਼ੇਸ਼ ਕੁੱਤਿਆਂ ਦੀ ਟੀਮ ਅਤੇ ਵਿਸ਼ੇਸ਼ ਬਲਾਂ ਨੇ ਸ਼ੱਕੀ ਵਸਤੂ ਦੀ ਜਾਂਚ ਕੀਤੀ ਅਤੇ ਬਾਅਦ ਵਿਚ ਪਤਾ ਲਗਾਇਆ ਕਿ ਇਹ ਇੱਕ ਬਾਲਗ ਦਾ ਡਾਇਪਰ ਸੀ।”

Leave a comment