-ਪੁਲਿਸ ਨੇ ਹਮਲਾਵਰ ਦੀ ਲੱਤ ‘ਚ ਗੋਲੀ ਮਾਰ ਕੇ ਕੀਤਾ ਗ੍ਰਿਫ਼ਤਾਰ
ਫਰਿਜ਼ਨੋ, 10 ਅਕਤੂਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿਖੇ ਇੱਕ ਬੇਘਰੇ ਵੱਲੋਂ ਏ.ਐੱਮ.ਪੀ.ਐੱਮ. (ਆਰਕੋ) ਸਟੋਰ ‘ਤੇ ਕੰਮ ਕਰਦੇ ਪੰਜਾਬੀ ਮੂਲ ਦੇ ਕਲਰਕ ‘ਤੇ ਚਾਕੂ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿਚ ਜਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਸਟੋਰ ਬੁੱਲੇਰਡ ਅਤੇ ਫਿਗਾਰਡਨ ਸਟ੍ਰੀਟ ਦੇ ਕਾਰਨਰ ਵਿਚ ਸਥਿਤ ਹੈ। ਸਟੋਰ ਕਲਰਕ ਨੇ ਬੇਘਰੇ ਬੰਦੇ ਨੂੰ ਉਥੋਂ ਜਾਣ ਲਈ ਕਿਹਾ ਤਾਂ ਉਸਨੇ ਕਲਰਕ ‘ਤੇ ਚਾਕੂ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਘਟਨਾ ਉਪਰੰਤ ਪੁਲਿਸ ਨੇ ਹਮਲਾਵਰ ਨੂੰ ਨੇੜਿਓਂ ਇੱਕ ਚਰਚ ਦੇ ਪਾਰਕਿੰਗ ਲਾਟ ਵਿਚੋਂ ਲੱਤ ਵਿਚ ਗੋਲੀ ਮਾਰਕੇ ਗ੍ਰਿਫ਼ਤਾਰ ਕਰ ਲਿਆ। ਜ਼ਖ਼ਮੀ ਕਲਰਕ ਦੀ ਪਹਿਚਾਣ ਨਰਿੰਦਰ ਸਿੰਘ (40) ਵਜੋਂ ਹੋਈ ਹੈ। ਰਿਪੋਰਟ ਮੁਤਾਬਕ ਹਮਲਾਵਰ ਦਿਮਾਗੀ ਤੌਰ ‘ਤੇ ਬੀਮਾਰ ਹੈ। ਇਸ ਘਟਨਾ ਵਿਚ ਜ਼ਖ਼ਮੀ ਪੰਜਾਬੀ ਨਰਿੰਦਰ ਸਿੰਘ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ‘ਚ ਸਟੋਰ ਕਲਰਕਾਂ ‘ਤੇ ਹਮਲੇ ਰੁੱਕਣ ਦਾ ਨਾਮ ਨਹੀਂ ਲੈ ਰਹੇ। ਕੁਝ ਦਿਨ ਪਹਿਲਾਂ ਵੀ ਕੈਲੀਫੋਰਨੀਆ ਦੇ ਸ਼ਹਿਰ ਐਲਸਬਰਾਂਟੇ ‘ਚ ਇੱਕ ਸਟੋਰ ਕਲਰਕ ਦੇ ਮੂੰਹ ‘ਤੇ ਲਾਈਟਰ ਫਲੂਡ ਛਿੜਕ ਕੇ ਉਸਨੂੰ ਅੱਗ ਲਗਾ ਦਿੱਤੀ ਗਈ ਸੀ। ਇਸ ਘਟਨਾ ‘ਚ ਸਟੋਰ ਕਲਰਕ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ ਸੀ।