ਨਵੀਂ ਦਿੱਲੀ, 2 ਅਕਤੂਬਰ (ਪੰਜਾਬ ਮੇਲ)- ਦਿੱਲੀ ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਸਰਦੀਆਂ ਦੌਰਾਨ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਤਿਆਰ ਕੀਤਾ ਗਿਆ ਗਰੇਡਿਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) ਅੱਜ ਲਾਗੂ ਹੋ ਗਿਆ ਹੈ। ਇਸ ਤਹਿਤ ਜੇ ਹਵਾ ਦੀ ਗੁਣਵੱਤਾ ਦਾ ਸੂਚਕਾਂਕ (ਏਕਿਊਆਈ) ਵੱਖ-ਵੱਖ ਮਿੱਥੇ ਪੱਧਰਾਂ ਤੋਂ ਵਧਦਾ ਹੈ ਤਾਂ ਕਈ ਪਾਬੰਦੀਆਂ ਲਾਗੂ ਕੀਤੀਆਂ ਜਾਣਗੀਆਂ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਸਰਦੀਆਂ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਵਾਧਾ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਅੱਜ ਤੋਂ ਦਿੱਲੀ ਵਿੱਚ ‘ਜੀਆਰਏਪੀ’ ਲਾਗੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿੰਟਰ ਐਕਸ਼ਨ ਪਲਾਨ ਤਹਿਤ ਜੀਆਰਏਪੀ ਲਾਗੂ ਕਰਨਾ ਉਨ੍ਹਾਂ ਦੀ ਤਰਜੀਹ ਹੈ। ਜੀਆਰਏਪੀ ਦੇ ਕੁੱਲ ਚਾਰ ਪੜਾਅ ਹਨ। ਇਸ ਵੇਲੇ ਦਿੱਲੀ ਵਿੱਚ ਏਕਿਊਆਈ 200 ਤੋਂ ਹੇਠਾਂ ਹੈ। ਜਵਿੇਂ-ਜਵਿੇਂ ਸਥਿਤੀ ਬਦਲੇਗੀ, ਜੀਆਰਏਪੀ ਦੇ ਨਿਯਮ ਸਖ਼ਤ ਹੁੰਦੇ ਜਾਣਗੇ। ਹਵਾ ਦੀ ਗੁਣਵੱਤਾ ਸੂਚਕਾਂਕ 200 ਤੋਂ ਵੱਧ ਜਾਣ ’ਤੇ ਖਾਣ-ਪੀਣ ਵਾਲੀਆਂ ਥਾਵਾਂ, ਰੈਸਤਰਾਂ ਅਤੇ ਹੋਟਲਾਂ ਵਿੱਚ ਕੋਲੇ ਅਤੇ ਲੱਕੜ ਦੀ ਵਰਤੋਂ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਜਾਵੇਗੀ। ਜੇ ਪ੍ਰਦੂਸ਼ਣ 400 ਨੰ ਪਾਰ ਕਰਦਾ ਹੈ ਤਾਂ ਬੀ-3, ਪੈਟਰੋਲ ਅਤੇ ਬੀ-4, ਡੀਜ਼ਲ ਚਾਰ ਪਹੀਆ ਵਾਹਨਾਂ ’ਤੇ ਗੁਰੂਗ੍ਰਾਮ, ਫਰੀਦਾਬਾਦ, ਗਾਜ਼ੀਆਬਾਦ, ਅਤੇ ਗੌਤਮ ਬੁੱਧ ਨਗਰ (ਨੋਇਡਾ) ਸਮੇਤ ਦਿੱਲੀ ਅਤੇ ਆਸਪਾਸ ਦੇ ਖੇਤਰਾਂ ਵਿੱਚ ਤੁਰੰਤ ਪਾਬੰਦੀ ਲਗਾਈ ਜਾਵੇਗੀ। 5ਵੀਂ ਜਮਾਤ ਤੱਕ ਦੇ ਬੱਚਿਆਂ ਲਈ ਸਕੂਲਾਂ ਵਿੱਚ ਕਲਾਸਾਂ ਮੁਅੱਤਲ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਏਕਿਊਆਈ 450 ਤੋਂ ਵੱਧਣ ’ਤੇ ਇਲੈਕਟ੍ਰਿਕ ਵਾਹਨਾਂ ਤੇ ਸੀਐੱਨਜੀ ਅਤੇ ਬੀ-4 ਡੀਜ਼ਲ ਦੀ ਵਰਤੋਂ ਕਰਨ ਵਾਲੇ ਵਾਹਨਾਂ ਨੂੰ ਛੱਡ ਕੇ ਦਿੱਲੀ ਤੋਂ ਬਾਹਰ ਰਜਿਸਟਰਡ ਚਾਰ ਪਹੀਆ ਵਾਹਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਦਿੱਲੀ ਅਤੇ ਆਸਪਾਸ ਦੇ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਜ਼ਿੰਮੇਵਾਰ ਖੁਦਮੁਖਤਿਆਰ ਸੰਸਥਾ ਏਅਰ ਕੁਆਲਿਟੀ ਮੈਨੇਜਮੈਂਟ (ਸੀਏਕਿਊਐੱਮ) ਕਮਿਸ਼ਨ ਨੇ ਪਿਛਲੇ ਸਾਲ ਅਤੇ ਇਸ ਸਾਲ ਜੁਲਾਈ ਵਿੱਚ ਜੀਆਰਏਪੀ ਵਿੱਚ ਕੁਝ ਅਹਿਮ ਬਦਲਾਅ ਕੀਤੇ ਹਨ। ਕਮਿਸ਼ਨ ਤਿੰਨ ਦਨਿ ਪਹਿਲਾਂ ਪੂਰਵ-ਅਨੁਮਾਨ ਦੇ ਆਧਾਰ ’ਤੇ ਪ੍ਰਦੂਸ਼ਣ ਵਿਰੋਧੀ ਉਪਾਅ ਨੂੰ ਸਰਗਰਮੀ ਨਾਲ ਲਾਗੂ ਕਰਦਾ ਹੈ। ਇਸ ਤੋਂ ਪਹਿਲਾਂ ਅਧਿਕਾਰੀ ਪ੍ਰਦੂਸ਼ਣ ਦੇ ਇੱਕ ਸੀਮਾ ਤੱਕ ਵਧਣ ਤੋਂ ਬਾਅਦ ਹੀ ਨਿਰਮਾਣ ਅਤੇ ਢਾਹੁਣ ਦੀਆਂ ਗਤੀਵਿਧੀਆਂ ਉੱਚ ਨਿਕਾਸੀ ਵਾਲੇ ਵਾਹਨਾਂ ਦੇ ਦਾਖਲੇ ਅਤੇ ਕੋਲੇ ਤੇ ਲੱਕੜ ਨੂੰ ਸਾੜਨ ’ਤੇ ਰੋਕ ਲਾਉਣ ਵਰਗੇ ਉਪਾਅ ਲਾਗੂ ਕਰਦੇ ਸਨ।