ਸੈਕਰਾਮੈਂਟੋ, ਕੈਲੀਫੋਰਨੀਆ, 21 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਟੈਕਸਾਸ ਰਾਜ ਦੀ ਇਕ ਜੇਲ ਵਿਚ ਦੋ ਕਤਲਾਂ ਦੇ ਮਾਮਲੇ ਵਿਚ ਬਿਨਾਂ ਪੈਰੋਲ ਉਮਰ ਭਰ ਲਈ ਜੇਲ ਵਿਚ ਬੰਦ ਕੈਦੀ ਦੀ ਉਸ ਦੇ ਸਾਥੀ ਕੈਦੀ ਵੱਲੋਂ ਹੱਤਿਆ ਕਰ ਦੇਣ ਦੀ ਖਬਰ ਹੈ। ਕੈਦੀ ਉਪਰ 20 ਤੋਂ ਵਧ ਹੋਰ ਬਿਰਧ ਔਰਤਾਂ ਦੀਆਂ ਹੱਤਿਆਵਾਂ ਕਰਨ ਦੇ ਵੀ ਦੋਸ਼ ਸਨ। ਫੌਜਦਾਰੀ ਨਿਆਂ ਬਾਰੇ ਟੈਕਸਾਸ ਵਿਭਾਗ ਦੇ ਬੁਲਾਰੇ ਅਮਾਂਡਾ ਹਰਨਾਂਡੇਜ਼ ਅਨੁਸਾਰ 50 ਸਾਲਾ ਬਿਲੀ ਕੈਮਿਰਮੀਰ ਆਪਣੇ ਸੈੱਲ ਵਿਚ ਮ੍ਰਿਤਕ ਪਾਇਆ ਗਿਆ। ਬੁਲਾਰੇ ਅਨੁਸਾਰ ਸਾਥੀ ਕੈਦੀ ਵੀ ਉਮਰ ਭਰ ਲਈ ਜੇਲ ਦੀ ਸਜ਼ਾ ਕਟ ਰਿਹਾ ਹੈ। ਬੁਲਾਰੇ ਨੇ ਨਾ ਹੀ ਸਾਥੀ ਕੈਦੀ ਦਾ ਨਾਂ ਜਾਰੀ ਕੀਤਾ ਹੈ ਤੇ ਨਾ ਹੀ ਮਾਰੇ ਗਏ ਕੈਦੀ ਦੀ ਮੌਤ ਦਾ ਕਾਰਨ ਦਸਿਆ ਹੈ। ਬਿਲੀ ਕੈਮਿਰਮੀਰ 80 ਸਾਲਾ ਲੂ ਥੀ ਹੈਰਿਸ ਤੇ 87 ਸਾਲਾ ਮੈਰੀ ਬਰੁੱਕਸ ਦੀਆਂ ਹੱਤਿਆਵਾਂ ਦੇ ਦੋਸ਼ਾਂ ਤਹਿਤ ਹੋਈ ਉਮਰ ਭਰ ਲਈ ਜੇਲ ਦੀ ਸਜ਼ਾ ਕਟ ਰਿਹਾ ਸੀ।