ਸੈਕਰਾਮੈਂਟੋ, 13 ਸਤੰਬਰ (ਪੰਜਾਬ ਮੇਲ)- ਪੰਜਾਬ ਸਾਹਿਤ ਅਕਾਡਮੀ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਪ੍ਰਬੰਧਕ ਰਮਿੰਦਰ ਰੰਮੀ ਵੱਲੋਂ ਬੀਤੇ ਐਤਵਾਰ ਨੂੰ ਅਧਿਆਪਕ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਵਿ ਮਿਲਣੀ ਬੇਹੱਦ ਸਫ਼ਲ ਰਹੀ। ਇਸ ਕਾਵਿ ਮਿਲਣੀ ਵਿਚ ਦੇਸ਼ਾਂ-ਵਿਦੇਸ਼ਾਂ ਤੋਂ ਬਹੁਤ ਨਾਮਵਰ ਕਵੀਆਂ ਅਤੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ। ਇਸ ਕਾਵਿ ਮਿਲਣੀ ਦੀ ਹੋਸਟ ਪ੍ਰਧਾਨ ਰਿੰਟੂ ਭਾਟੀਆ ਸਨ। ਸਰਪ੍ਰਸਤ ਸੁਰਜੀਤ ਕੌਰ ਨੇ ਵੈਬੀਨਾਰ ਵਿਚ ਹਾਜ਼ਰੀਨ ਮੈਂਬਰਜ਼ ਨੂੰ ਰਸਮੀ ਜੀ ਆਇਆਂ ਕਿਹਾ ਤੇ ਰਿੰਟੂ ਭਾਟੀਆ ਨੂੰ ਪ੍ਰੋਗਰਾਮ ਦਾ ਸੰਚਾਲਨ ਕਰਨ ਲਈ ਕਿਹਾ ਗਿਆ। ਰਿੰਟੂ ਭਾਟੀਆ ਨੇ ਪੰਜਾਬ ਸਾਹਿਤ ਅਕਾਡਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਚਾਰ ਸਾਲ ਤੋਂ ਲਗਾਤਾਰ ਹੋ ਰਹੇ ਪ੍ਰੋਗਰਾਮਾਂ ਦੀ ਸੰਖੇਪ ਵਿਚ ਜਾਣਕਾਰੀ ਦਿੱਤੀ।
ਡਾ. ਸਰਬਜੀਤ ਕੌਰ ਸੋਹਲ ਨੇ ਹਾਜ਼ਰੀਨ ਮੈਂਬਰਾਂ ਨੂੰ ਨਿੱਘਾ ਜੀ ਆਇਆਂ ਕਿਹਾ ਤੇ ਆਪਣੀ ਰਚਨਾ ਪੇਸ਼ ਕੀਤੀ। ਡਾ. ਕੁਲਦੀਪ ਸਿੰਘ ਦੀਪ ਤੇ ਸਨੋਬਰ ਚਿੱਬ ਮੁੱਖ ਮਹਿਮਾਨ ਸਨ ਤੇ ਵਿਸ਼ੇਸ਼ ਮਹਿਮਾਨਾਂ ਵਿਚ ਮੇਜਰ ਨਾਗਰਾ, ਕੁਲਦੀਪ, ਪ੍ਰੋ. ਜਸਪਾਲ ਸਿੰਘ, ਬਿਕਰਮ ਸੋਹੀ ਅਤੇ ਨਿਰਮਲ ਕੋਟਲਾ ਸ਼ਾਮਲ ਸਨ। ਹੋਸਟ ਨੇ ਸਭ ਸ਼ਾਇਰਾਂ ਨੂੰ ਪੰਜ ਮਿੰਟ ਦਾ ਸਮਾਂ ਆਪਣੀ ਰਚਨਾ ਪੇਸ਼ ਕਰਨ ਲਈ ਦਿੱਤਾ। ਜ਼ਿਆਦਾਤਰ ਨੇ ਅਧਿਆਪਕ ਦਿਵਸ ‘ਤੇ ਆਪਣੀਆਂ ਰਚਨਾਵਾਂ ਨੂੰ ਪੇਸ਼ ਕੀਤਾ। ਡਾ. ਕੁਲਦੀਪ ਸਿੰਘ ਦੀਪ ਨੇ ਅਧਿਆਪਕ ਦਿਵਸ ‘ਤੇ ਆਪਣੀ ਰਚਨਾ ਨੂੰ ਪੇਸ਼ ਕੀਤਾ , ਜਿਸਨੇ ਸਭ ਨੂੰ ਬਹੁਤ ਪ੍ਰਭਾਵਿਤ ਕੀਤਾ। ਡਾ. ਕੁਲਦੀਪ ਜੀ ਤੋਂ ਇਲਾਵਾ ਸਾਰੇ ਹੀ ਸ਼ਾਇਰ ਪਹਿਲੀ ਵਾਰ ਆਏ ਸਨ, ਜਿਨ੍ਹਾਂ ਵਿਚ ਕੈਨੇਡਾ, ਪਾਕਿਸਤਾਨ, ਇਟਲੀ, ਅਮਰੀਕਾ ਤੇ ਭਾਰਤ ਤੋਂ ਸ਼ਾਇਰਾਂ ਨੇ ਹਿੱਸਾ ਲਿਆ। ਡਾ. ਦਲਬੀਰ ਸਿੰਘ ਕਥੂਰੀਆ ਨੇ ਮਾਂ-ਬੋਲੀ ਪੰਜਾਬੀ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਚਾਰ ਸਾਂਝਾਂ ਕੀਤੀਆਂ। ਸੁਰਜੀਤ ਕੌਰ ਨੇ ਵੀ ਆਪਣੀ ਰਚਨਾ ਪੇਸ਼ ਕੀਤੀ।
ਇਸ ਤੋਂ ਇਲਾਵਾ ਸ. ਪਿਆਰਾ ਸਿੰਘ ਕੁਦੋਵਾਲ ਚੀਫ ਐਡਵਾਈਜ਼ਰ, ਸਕੱਤਰ ਜਨਰਲ ਅਮਨਬੀਰ ਸਿੰਘ ਧਾਮੀ, ਜਨਰਲ ਸਕੱਤਰ ਰਾਜਬੀਰ ਗਰੇਵਾਲ ਵੀ ਹਾਜ਼ਰ ਸਨ। ਰਮਿੰਦਰ ਰੰਮੀ ਵੱਲੋਂ ਆਏ ਸਾਰੇ ਸਾਰੇ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।