– ਮਹਿਜ਼ 4 ਦਿਨਾਂ ਪਹਿਲਾਂ ਆਇਆ ਸੀ ਕੈਨੇਡਾ
ਟੋਰਾਂਟੋ, 13 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਨੌਲੀ ਦੇ ਜੰਮਪਲ ਗਗਨਦੀਪ ਸਿੰਘ ਉਰਫ ਗੱਗੂ ਜੋ ਬੀਤੇ ਦਿਨੀਂ 6 ਸਤੰਬਰ ਨੂੰ ਕੈਨੇਡਾ ਦੇ ਟੋਰਾਂਟੋ ਹਵਾਈ ਅੱਡੇ ‘ਤੇ ਇਸ ਉਮੀਦ ਨਾਲ ਉਤਰਿਆ ਸੀ ਕਿ ਉਹ ਆਪਣੇ ਮਾਪਿਆ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰੇਗਾ ਪਰ ਹੋਣੀ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ। ਜਦੋਂ ਉਹ 10 ਸਤੰਬਰ ਨੂੰ ਕੈਨੇਡਾ ਦੇ ਓਨਟਾਰੀਓ ਦੇ ਸ਼ਹਿਰ ਬੈਰੀ ਵਿਚ ਚੰਗਾ-ਭਲਾ ਗੱਲਾਂ ਕਰਦਾ-ਕਰਦਾ ਅਚਾਨਕ ਸਦਾ ਲਈ ਸਦੀਵੀ ਵਿਛੋੜਾ ਦੇ ਗਿਆ। ਗਗਨਦੀਪ ਸਿੰਘ ਗੁੱਗੂ ਵਿਆਹਿਆ ਹੋਇਆ ਸੀ। ਉਹ ਪਿੰਡ ਨੌਲੀ ਦੇ ਜਲੰਧਰ ਤੋਂ ਪੰਜਾਬੀ ਟ੍ਰਿਬਿਊਨ ਦੇ ਉੱਘੇ ਪੱਤਰਕਾਰ ਪਾਲ ਸਿੰਘ ਨੌਲੀ ਦਾ ਚਚੇਰਾ ਭਰਾ ਸੀ। ਭਰੇ ਮਨ ਪਾਲ ਸਿੰਘ ਨੌਲੀ ਨੇ ਦੱਸਿਆ ਕਿ ਉਸ ਦੇ ਚਚੇਰੇ ਭਰਾ ਦੀ ਅਚਾਨਕ ਹੋਈ ਮੌਤ ਦੀ ਮਨਹੂਸ ਖ਼ਬਰ ਸੁਣਦਿਆਂ ਹੀ ਪੂਰੇ ਪਿੰਡ ‘ਚ ਮਾਤਮ ਛਾ ਗਿਆ। ਗੁੱਗੂ ਮਿਲਣਸਾਰ, ਮਿਲਾਪੜੇ ਸੁਭਾਅ ਅਤੇ ਹਰੇਕ ਇਨਸਾਨ ਦਾ ਅਦਬ, ਸਤਿਕਾਰ ਕਰਨ ਵਾਲਾ ਵਿਅਕਤੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਇਹ ਦੁੱਖ ਭਰੀ ਖਬਰ ਪਿੰਡ ਨੌਲੀ ਪਹੁੰਚੀ, ਤਾਂ ਗੱਗੂ ਦੀ ਮਾਤਾ ਦੇ ਵੈਨ ਅਸਮਾਨ ਦਾ ਸੀਨਾ ਪਾੜ ਰਹੇ ਸਨ। ਪਾਲ ਸਿੰਘ ਨੌਲੀ ਨੇ ਦੱਸਿਆ ਕਿ ਗੱਗੂ ਆਪਣੇ ਬਾਪ ਦੇ ਸਿਰ ਚੜ੍ਹੇ ਕਰਜ਼ੇ ਨੂੰ ਉਤਾਰਣ ਲਈ ਕੈਨੇਡਾ ਆਇਆ ਸੀ ਪਰ ਰੱਬ ਨੂੰ ਪਤਾ ਨਹੀਂ ਇਹੋ ਹੀ ਮਨਜ਼ੂਰ ਸੀ।
ਪਰਿਵਾਰ ਵਲੋਂ ਗਗਨਦੀਪ ਸਿੰਘ ਗੁੱਗੂ ਦੀ ਮ੍ਰਿਤਕ ਦੇਹ ਨੂੰ ਪੰਜਾਬ ਉਸ ਦੀ ਜਨਮ ਭੂਮੀ ਪਿੰਡ ਨੌਲੀ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਉਸ ਦੀ ਮ੍ਰਿਤਕ ਦੇਹ ਪੰਜਾਬ ਪਹੁੰਚਾਉਣ ਲਈ ਮਦਦ ਵਾਸਤੇ ਗੌ ਫੰਡ ਮੀ ਨਾਂ ਦਾ ਪੇਜ ਵੀ ਸਥਾਪਤ ਕੀਤਾ ਗਿਆ ਹੈ। ਜਿੱਥੇ ਪ੍ਰਵਾਸੀ ਭਾਰਤੀਆਂ ਨੂੰ ਉਸ ਦੀ ਦੇਹ ਨੂੰ ਪੰਜਾਬ ਪਹੁੰਚਾਉਣ ਲਈ ਮਦਦ ਕਰਨ ਲਈ ਬੇਨਤੀ ਕੀਤੀ ਗਈ ਹੈ, ਤਾਂ ਜੋ ਉਸ ਦੀਆਂ ਅੰਤਿਮ ਰਸਮਾਂ (ਸੰਸਕਾਰ) ਪਰਿਵਾਰ ਵੱਲੋਂ ਉਸ ਦੀ ਜਨਮ ਭੂਮੀ ਪਿੰਡ ਨੌਲੀ ਵਿਖੇ ਪੂਰੀਆਂ ਕੀਤੀਆਂ ਜਾਣ ਅਤੇ ਪਰਿਵਾਰ ਆਖ਼ਰੀ ਵਾਰ ਉਸ ਦਾ ਮੂੰਹ ਦੇਖ ਸਕੇ।