ਜਲੰਧਰ, 28 ਅਗਸਤ (ਪੰਜਾਬ ਮੇਲ)- ਨਗਰ ਨਿਗਮ ਜਲੰਧਰ ਦਾ ਕਾਰਜਕਾਲ ਇਸ ਸਾਲ ਦੇ ਸ਼ੁਰੂ ‘ਚ ਭਾਵ 24 ਜਨਵਰੀ 2023 ਨੂੰ ਖ਼ਤਮ ਹੋ ਗਿਆ ਸੀ ਅਤੇ ਕੁਝ ਮਹੀਨੇ ਬਾਅਦ ਅਗਲੀ ਜਨਵਰੀ ਆਉਣ ਵਾਲੀ ਹੈ ਪਰ ਜਲੰਧਰ ਨਗਰ ਨਿਗਮ ਦੀ ਚੋਣ ਕਦੋਂ ਹੋਵੇਗੀ ਅਤੇ ਨਵਾਂ ਕੌਂਸਲ ਹਾਊਸ ਕਦੋਂ ਗਠਿਤ ਹੋਵੇਗਾ, ਇਸ ਲਈ ਫਿਲਹਾਲ ਕੋਈ ਸਰਗਰਮੀ ਨਜ਼ਰ ਨਹੀਂ ਆ ਰਹੀ, ਜਿਸ ਤਰ੍ਹਾਂ ਸਰਕਾਰੀ ਪੱਧਰ ‘ਤੇ ਵੀ ਨਿਗਮ ਚੋਣਾਂ ਨੂੰ ਲੈ ਕੇ ਕੋਈ ਹਲਚਲ ਨਹੀਂ ਹੋ ਰਹੀ, ਉਸੇ ਤਰ੍ਹਾਂ ਲਗਭਗ ਸਾਰੀ ਸਿਆਸੀ ਪਾਰਟੀਆਂ ਦੇ ਆਗੂ ਠੰਡੇ ਹੋ ਕੇ ਘਰਾਂ ‘ਚ ਬੈਠ ਗਏ ਹਨ।
ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲੇ ਸ਼ਹਿਰ ਦੇ ਲਗਭਗ ਹਰ ਵਾਰਡ ‘ਚ ਨਿਗਮ ਚੋਣਾਂ ਨੂੰ ਲੈ ਕੇ ਸਥਾਨਕ ਪੱਧਰ ‘ਤੇ ਦਰਜਨਾਂ ਆਗੂ ਸਰਗਰਮ ਹੋ ਗਏ ਸਨ ਅਤੇ ਕਈ ਵਾਰਡ ਤਾਂ ਹੋਰਡਿੰਗਜ਼ ਨਾਲ ਅਜਿਹੇ ਭਰ ਗਏ ਸਨ, ਜਿਵੇਂ ਕੁਝ ਹੀ ਦਿਨਾਂ ਬਾਅਦ ਨਿਗਮ ਚੋਣਾਂ ਹੋਣੀਆਂ ਹਨ। ਨਗਰ ਨਿਗਮ ਵੱਲੋਂ ਵਾਰਡਬੰਦੀ ਦੀ ਪ੍ਰਕਿਰਿਆ ਨੂੰ ਕਾਫ਼ੀ ਲਟਕਾ ਦਿੱਤਾ ਗਿਆ ਅਤੇ ਅਜੇ ਤੱਕ ਜਲੰਧਰ ਨਿਗਮ ਦੀ ਵਾਰਡਬੰਦੀ ਨੂੰ ਫਾਈਨਲ ਹੀ ਨਹੀਂ ਕੀਤਾ ਜਾ ਸਕਦਾ। ਵਾਰਡਬੰਦੀ ਦੇ ਮਾਮਲੇ ‘ਚ ਸਰਕਾਰੀ ਤੌਰ ‘ਤੇ ਜਿਸ ਤਰ੍ਹਾਂ ਦੀ ਬੇਰੁਖੀ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਸ ਤੋਂ ਲੱਗਦਾ ਹੈ ਕਿ ਅਗਲੇ ਦੋ-ਚਾਰ ਮਹੀਨੇ ‘ਚ ਵੀ ਨਿਗਮ ਚੋਣਾਂ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਅਜਿਹੇ ‘ਚ ਜੇ ਅਗਲੇ ਸਾਲ ਹੀ ਨਿਗਮ ਚੋਣਾਂ ਹੁੰਦੀਆਂ ਹਨ ਤਾਂ ਸਰਦੀਆਂ ‘ਚ ਚੋਣਾਂ ਦਾ ਮਾਹੌਲ ਠੰਡਾ ਹੀ ਰਹੇਗਾ।
ਨਿਗਮ ਚੋਣਾਂ ਨੂੰ ਲੈ ਕੇ ਸ਼ਹਿਰ ‘ਚ ਫਿਲਹਾਲ ਕੋਈ ਸਰਗਰਮੀ ਨਹੀਂ ਹੈ। ਅਜਿਹੇ ‘ਚ ਸਥਾਨਕ ਪੱਧਰ ਦੇ ਨੇਤਾ ਬਿਲਕੁਲ ਵੀ ਠੰਡੇ ਹੋ ਕੇ ਘਰਾਂ ‘ਚ ਬੈਠ ਗਏ ਹਨ। ਕੁਝ ਇਕ ਆਗੂ ਅਖਬਾਰਾਂ ਦੀਆਂ ਸੁਰਖੀਆਂ ‘ਚ ਆਉਣ ਲਈ ਪੈਨਸ਼ਨ ਪੱਤਰ ਵੰਡ ਰਹੇ ਹਨ ਅਤੇ ਕਈ ਆਗੂ ਤਾਂ ਕਦੀ ਕਦਾਈ ਸਸਤੀ ਕਣਕ ਵੰਡ ਕੇ ਹੀ ਖ਼ਬਰ ਛਪਵਾ ਰਹੇ ਹਨ। ਆਮ ਆਦਮੀ ਪਾਰਟੀ ਦੇ 50 ਤੋਂ ਵੱਧ ਆਗੂ ਕੁਝ ਸਮੇਂ ਪਹਿਲਾਂ ਤੱਕ ਵੱਖ-ਵੱਖ ਵਾਰਡਾਂ ‘ਚ ਸਰਗਰਮ ਸਨ ਤੇ ਹਰ ਰੋਜ਼ ਅਖਬਾਰਾਂ ‘ਚ ਆਪਣਾ ਨਾਂ ਛਪਵਾ ਰਹੇ ਹਨ ਪਰ ਹੁਣ ਉਹ ਵੀ ਵਾਰਡਾਂ ‘ਚ ਜਾ ਕੇ ਸਰਗਰਮੀ ਨਾਲ ਕੰਮ ਕਰਨ ‘ਚ ਆਨਾਕਾਨੀ ਕਰ ਰਹੇ ਹਨ। ਕਈ ਆਗੂਆਂ ਦਾ ਕਹਿਣਾ ਹੈ ਕਿ ਨਿਗਮ ਚੋਣਾ ‘ਚ ਦੇਰੀ ਹੋਣ ਕਾਰਨ ਨਾ ਸਿਰਫ਼ ਉਤਸ਼ਾਹ ਠੰਡਾ ਹੋਇਆ ਹੈ, ਸਗੋਂ ਵਾਰਡਾਂ ਦੇ ਕੰਮ ਕਰਵਾਉਣ ‘ਚ ਜਿਸ ਤਰ੍ਹਾਂ ਜੇਬ ਤੋਂ ਪੈਸੇ ਖਰਚ ਕਰਨੇ ਪਏ ਹਨ, ਉਸ ਨਾਲ ਵੀ ਕਈ ਆਗੂਆਂ ਨੇ ਆਪਣੀ ਸਰਗਰਮ ਛੱਡ ਰੱਖੀ ਹੈ।