-ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਪਲੇਸਰ ਕਾਉਂਟੀ ਜੇਲ੍ਹ ’ਚ ਭੇਜਿਆ
ਸੈਕਰਾਮੈਂਟੋ, 23 ਅਗਸਤ (ਪੰਜਾਬ ਮੇਲ)- ਸੈਕਰਾਮੈਂਟੋ ਦੇ ਨਜ਼ਦੀਕ ਰੋਜ਼ਵਿਲ ਦੇ ਗੈਲਰੀਆ ਮਾਲ ਵਿਖੇ ਉਸ ਵਕਤ ਹਫੜਾ-ਤਫੜੀ ਮੱਚ ਗਈ, ਜਦੋਂ 29 ਸਾਲਾ ਸਿੱਖ ਨੌਜਵਾਨ ਸਿਮਰਨਜੀਤ ਸਿੰਘ ਨੇ ਪਾਰਕਿੰਗ ਦੀ ਤੀਜੀ ਮੰਜ਼ਿਲ ’ਤੇ ਇੱਕ ਔਰਤ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਅਤੇ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਸਿਮਰਨਜੀਤ ਸਿੰਘ ਅਤੇ ਮ੍ਰਿਤਕ 34 ਸਾਲਾ ਔਰਤ ਇੱਕੋ ਕਾਰ ਵਿਚ ਇਕੱਠੇ ਗੈਲਰੀਆ ਮਾਲ ਵਿਖੇ ਪਹੁੰਚੇ ਸਨ। ਪਰ ਅਚਾਨਕ ਕਿਸੇ ਗੱਲੋਂ ਸਿਮਰਨਜੀਤ ਸਿੰਘ ਨੇ ਉਸ ਔਰਤ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਵਾਰਦਾਤ ਤੋਂ ਬਾਅਦ ਸਿਮਰਨਜੀਤ ਸਿੰਘ ਨੇ ਆਪਣੀ ਬੰਦੂਕ ਉਥੇ ਹੀ ਛੱਡ ਦਿੱਤੀ ਅਤੇ ਉਥੋਂ ਭੱਜ ਕੇ ਨਾਲ ਲੱਗਦੇ ਸਟੋਰ ਓਲਡ ਨੇਵੀ ’ਚ ਦਾਖਲ ਹੋ ਗਿਆ ਅਤੇ ਇਕ ਨਵੀਂ ਕਮੀਜ਼ ਖਰੀਦੀ। ਉਸ ਨੇ ਆਪਣੀ ਪੁਰਾਣੀ ਕਮੀਜ਼ ਸ਼ਾਪਿੰਗ ਬੈਗ ਵਿਚ ਪਾ ਲਈ। ਪਰ ਇੱਕ ਗਵਾਹ ਵੱਲੋਂ ਪਹਿਚਾਣੇ ਜਾਣ ਕਾਰਨ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ, ਜਿਸ ’ਤੇ ਉਸ ਨੂੰ ਉਸ ਸਟੋਰ ਦੇ ਬਾਹਰ ਹੀ ਹਿਰਾਸਤ ਵਿਚ ਲੈ ਲਿਆ ਗਿਆ।
ਪੁਲਿਸ ਅਨੁਸਾਰ ਸਿਮਰਨਜੀਤ ਸਿੰਘ ਨੂੰ ਪਹਿਲਾਂ ਸ਼ੱਕ ਦੇ ਆਧਾਰ ’ਤੇ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰ ਬਾਅਦ ਵਿਚ ਉਨ੍ਹਾਂ ਨੂੰ ਪੱਕਾ ਯਕੀਨ ਹੋ ਗਿਆ ਕਿ ਇਹੋ ਹੀ ਕਾਤਲ ਹੈ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਪਲੇਸਰ ਕਾਉਂਟੀ ਜੇਲ੍ਹ ਵਿਚ ਭੇਜ ਦਿੱਤਾ ਹੈ।
ਪੁਲਿਸ ਵੱਲੋਂ ਮ੍ਰਿਤਕ ਔਰਤ ਦਾ ਨਾਂ ਜਨਤਕ ਨਹੀਂ ਕੀਤਾ ਗਿਆ। ਪੁਲਿਸ ਅਨੁਸਾਰ ਇਹ ਇੱਕ ਘਰੇਲੂ ਮਸਲਾ ਸੀ।