ਸਰੀ, 30 ਜੁਲਾਈ (ਹਰਦਮ ਮਾਨ/ਪੰਜਾਬ ਮੇਲ)-ਵੈਨਕੂਵਰ ਵਿਚਾਰ ਮੰਚ (ਕੈਨੇਡਾ) ਵੱਲੋਂ ਆਨਲਾਈਨ ਸੈਮੀਨਾਰ ਲੜੀ ਤਹਿਤ ਅਲਾਮਾ ਇਕਬਾਲ ਓਪਨ ਯੂਨੀਵਰਸਿਟੀ, ਪਾਕਿਸਤਾਨ ਦੇ ਸਹਿਯੋਗ ਨਾਲ “ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪਾਸਾਰ ਵਿਚ ਧਾਰਮਿਕ ਗ੍ਰੰਥਾਂ ਦਾ ਯੋਗਦਾਨ” ਵਿਸ਼ੇ ਉੱਪਰ ਅੰਤਰ-ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਕੈਨੇਡੀਅਨ, ਭਾਰਤੀ ਅਤੇ ਪਾਕਿਸਤਾਨੀ ਪੰਜਾਬ ਦੇ ਚਿੰਤਕਾਂ ਵੱਲੋਂ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ ਵਿੱਚ ਧਾਰਮਿਕ ਗ੍ਰੰਥਾਂ ਦੀ ਭੂਮਿਕਾ ਸਬੰਧੀ ਵਿਚਾਰ-ਚਰਚਾ ਕੀਤੀ ਗਈ।
ਇਸ ਸੈਮੀਨਾਰ ਦਾ ਆਗਾਜ਼ ਵਿਚ ਪ੍ਰੋ. ਡਾ. ਬਾਦਸ਼ਾਹ ਸਰਦਾਰ ਨੇ ਮੁੱਖ ਬੁਲਾਰਿਆਂ ਸਬੰਧੀ ਜਾਣ ਪਛਾਣ ਕਰਵਾਈ। ਉਪਰੰਤ ਅਲਾਮਾ ਇਕਬਾਲ ਓਪਨ ਯੂਨੀਵਰਸਿਟੀ, ਪਾਕਿਸਤਾਨ ਦੇ ਵਾਇਸ-ਚਾਂਸਲਰ ਪ੍ਰੋ. ਡਾ. ਨਾਸਿਰ ਮਹਿਮੂਦ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਸੈਮੀਨਾਰ ਲਈ ਸੁਭ ਇੱਛਾਵਾਂ ਦਿੱਤੀਆਂ। ਵੈਨਕੂਵਰ ਵਿਚਾਰ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਦੱਸਿਆ ਕਿ ਇਹ ਮੰਚ ਗੁਰੂ ਨਾਨਕ ਸਾਹਿਬ ਦੇ ਕਥਨ ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ” ਮੁਤਾਬਿਕ ਸੰਵਾਦ ਪਰੰਪਰਾ ਨਿਰੰਤਰ ਰੱਖਣ ਲਈ ਸਮੇਂ- ਸਮੇਂ ‘ਤੇ ਵਿਦਵਾਨਾਂ ਨਾਲ ਗੋਸ਼ਟੀਆਂ ਕਰਵਾਉਂਦਾ ਰਿਹਾ ਹੈ ਅਤੇ ਇਸ ਤਹਿਤ ਹੀ ਇਹ ਸੈਮੀਨਾਰ ਉਲੀਕਿਆ ਗਿਆ।
ਮੁੱਖ ਬੁਲਾਰਿਆ ਵਿੱਚੋਂ ਸਭ ਤੋਂ ਪਹਿਲਾਂ ਅਲਾਮਾ ਇਕਬਾਲ ਓਪਨ ਯੂਨੀਵਰਸਿਟੀ ਦੇ ਪਾਕਿਸਤਾਨ ਸਟੱਡੀਜ਼ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ, ਡਾ. ਸਮੀਨਾ ਯਾਸਮੀਨ ਨੇ ਆਪਣਾ ਪਰਚਾ ਪੇਸ਼ ਕੀਤਾ ਜਿਸ ਵਿਚ ਉਹਨਾਂ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿੱਚ ਬਾਬਾ ਸ਼ੇਖ ਫਰੀਦ ਜੀ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਬਾਣੀਆਂ ਦੀ ਦੇਣ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਦੂਜੇ ਬੁਲਾਰੇ, ਪ੍ਰਸਿੱਧ ਲੇਖਕ ਅਤੇ ਟੀ. ਵੀ. ਹੋਸਟ ਮੋਹਨ ਗਿੱਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੁੱਖ ਆਧਾਰ ਰੱਖ ਕੇ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਪੰਜਾਬੀ ਪਰਵਾਸ ਸੰਬੰਧੀ ਨੁਕਤਿਆਂ ਉਪਰ ਵਿਚਾਰ ਪ੍ਰਗਟ ਕੀਤੇ। ਉਹਨਾਂ ਦੱਸਿਆ ਕਿ ਧਾਰਮਿਕ ਗ੍ਰੰਥ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਹਨ। ਤੀਜੇ ਬੁਲਾਰੇ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬੀ ਭਾਸ਼ਾ ਅਤੇ ਸਾਹਿਤ ਵਿਭਾਗ ਦੇ ਚੇਅਰਮੈਨ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਦਰਸ਼ਨ, ਸਮਾਜ ਅਤੇ ਵਿਗਿਆਨ ਲਈ ਧਾਰਮਿਕ ਗ੍ਰੰਥ ਇਕ ਮਾਡਲ ਵਜੋਂ ਕਾਰਜ ਕਰਦੇ ਰਹੇ ਹਨ ਅਤੇ ਧਾਰਮਿਕ ਗ੍ਰੰਥ ਮਨੁੱਖੀ ਚਰਿਤਰ ਦੀ ਸਿਰਜਣਾ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਧਾਰਮਿਕ ਗ੍ਰੰਥ ਕੇਵਲ ਕਲਾਸਿਕ ਸਾਹਿਤ ਹੀ ਨਹੀਂ ਬਲਕਿ ਵੱਖ ਵੱਖ ਸਾਹਿਤ ਰੂਪਾਂ, ਕਲਾਤਮਕ ਜੁਗਤਾਂ ਦਾ ਸਰੋਤ ਵੀ ਹੁੰਦੇ ਹਨ।
ਸੈਮੀਨਾਰ ਦੇ ਅੰਤ ਵਿੱਚ ਅਲਾਮਾ ਇਕਬਾਲ ਓਪਨ ਯੂਨੀਵਰਸਿਟੀ ਦੇ ਡੀਨ ਸ਼ੋਸ਼ਲ ਸਾਇੰਸਜ਼ ਅਤੇ ਹਿਊਮੈਨਟੀਜ਼ ਪ੍ਰੋ. ਡਾ. ਅਬਦੁਲ ਅਜ਼ੀਜ਼ ਸਾਹਿਰ ਨੇ ਸ਼ੇਖ ਫਰੀਦ ਜੀ, ਗੁਰੂ ਨਾਨਕ ਦੇਵ ਜੀ ਅਤੇ ਪ੍ਰੋ. ਮੋਹਨ ਸਿੰਘ ਦੀਆਂ ਰਚਨਾਵਾਂ ਦੇ ਹਵਾਲੇ ਦੇ ਕੇ ਪੰਜਾਬੀ ਭਾਸ਼ਾ ਅਤੇ ਸਾਹਿਤ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਭਵਿੱਖ ਵਿਚ ਵੀ ਇਸ ਤਰਾਂ ਦੇ ਸੈਮੀਨਾਰ ਕਰਾਉਣ ਦੀ ਇੱਛਾ ਜ਼ਾਹਿਰ ਕੀਤੀ।
ਮੰਚ ਦਾ ਸੰਚਾਲਨ ਡਾ. ਜੇਬ-ਉਨ-ਨਿਸਾ ਨੇ ਕੀਤਾ। ਡਾ. ਸਮੀਨਾ ਯਾਸਮੀਨ ਨੇ ਵਿਸ਼ੇਸ ਤੌਰ ‘ਤੇ ਕੋਆਰਡੀਨੇਟਰ ਡਾ. ਹਰਜੋਤ ਕੌਰ ਖੈਹਿਰਾ ਅਤੇ ਡਾ. ਯਾਦਵਿੰਦਰ ਕੌਰ ਦਾ ਧੰਨਵਾਦ ਕੀਤਾ। ਸੈਮੀਨਾਰ ਵਿੱਚ ਕੈਨੇਡਾ ਤੋਂ ਜਰਨੈਲ ਸਿੰਘ ਸੇਖਾ, ਮਹਿੰਦਰਪਾਲ ਸਿੰਘ ਪਾਲ, ਬਿੰਦੂ ਮਠਾੜੂ, ਅਲਾਮਾ ਇਕਬਾਲ ਓਪਨ ਯੂਨੀਵਰਸਿਟੀ ਇਸਲਾਮਾਬਾਦ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ, ਐੱਚ.ਐੱਮ.ਵੀ.ਕਾਲਜ ਜਲੰਧਰ, ਦਿਆਲ ਸਿੰਘ ਕਾਲਜ ਦਿੱਲੀ ਆਦਿ ਸੰਸਥਾਵਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।