-ਕੈਨੇਡੀਅਨ ਅਦਾਲਤ ‘ਚ ਪੇਸ਼ੀ ਦੌਰਾਨ ਮਨੁੱਖੀ ਤਸਕਰੀ ਦੀ ਗੱਲ ਮੰਨੀ
ਵਾਸ਼ਿੰਗਟਨ, 29 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਗ਼ੈਰ-ਕਾਨੂੰਨੀ ਢੰਗ ਨਾਲ ਕੈਨੇਡਾ ਤੋਂ ਅਮਰੀਕਾ ਸਰਹੱਦ ਦੇ ਪਾਰ 1,000 ਤੋਂ ਵੱਧ ਲੋਕਾਂ ਨੂੰ ਭੇਜਣ ਦੇ 9 ਮਾਮਲਿਆਂ ਵਿਚ ਭਾਰਤੀ ਮੂਲ ਦੇ ਸਿਮਰਨਜੀਤ ਸਿੰਘ ਸ਼ੈਲੀ ਨੇ ਖ਼ੁਦ ਨੂੰ ਦੋਸ਼ੀ ਮੰਨਿਆ ਹੈ। ਬਰੈਂਪਟਨ ਓਨਟਾਰੀਓ ਦੇ ਰਹਿਣ ਵਾਲੇ 41 ਸਾਲਾ ਸਿਮਰਨਜੀਤ ਨੇ ਬੀਤੇ ਦਿਨੀਂ ਸ਼ੁੱਕਰਵਾਰ ਨੂੰ ਨਿਊਯਾਰਕ ਦੇ ਉੱਤਰੀ ਜ਼ਿਲ੍ਹੇ ਦੀ ਯੂ.ਐੱਸ. ਫੈਡਰਲ ਅਦਾਲਤ ਵਿਚ ਪੇਸ਼ੀ ਦੌਰਾਨ ਮਨੁੱਖੀ ਤਸਕਰੀ ਦੀ ਗੱਲ ਮੰਨੀ ਹੈ, ਜਦੋਂਕਿ ਇਸ ਤੋਂ ਪਹਿਲਾਂ ਉਸ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਸੀ।
ਅਦਾਲਤੀ ਦਸਤਾਵੇਜ਼ ਮੁਤਾਬਕ ਸਿੰਘ ਨੇ ਕਥਿਤ ਤੌਰ ‘ਤੇ ਇੱਕ ਦਲਾਲ ਦੇ ਤੌਰ ‘ਤੇ ਕੰਮ ਕੀਤਾ, ਜੋ ਮੁੱਖ ਤੌਰ ‘ਤੇ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਵਿਚ ਪਹੁੰਚਾਉਣ ਲਈ ਪ੍ਰਤੀ ਵਿਅਕਤੀ ਕੋਲੋਂ 5,000 ਡਾਲਰ ਤੋਂ 35,000 ਡਾਲਰ ਵਸੂਲਦਾ ਸੀ। ਸਿਮਰਨਜੀਤ ਦੇ ਪਰਿਵਾਰ ਜਾਂ ਦੋਸਤ ਵਿਚੋਂ ਕੋਈ ਵੀ ਸੁਣਵਾਈ ਮੌਕੇ ਉਸ ਦੇ ਨਾਲ ਹਾਜ਼ਰ ਨਹੀਂ ਹੋਇਆ। ਸਿਮਰਨਜੀਤ ਦੀ ਪਟੀਸ਼ਨ ਸਮਝੌਤੇ ਵਿਚ ਉਸ ਨੇ ਅਦਾਲਤ ਵਿਚ ਇਹ ਵੀ ਸਵੀਕਾਰ ਕੀਤਾ ਕਿ ਉਸਨੇ ਲੋਕਾਂ ਨੂੰ ਭਾਰਤ ਤੋਂ ਅਮਰੀਕਾ ਵਿਚ ਤਸਕਰੀ ਕਰਨ ਦਾ ਪ੍ਰਬੰਧ ਕੀਤਾ ਸੀ ਅਤੇ ਫਿਰ ਉਸ ਨੇ ਭਾਰਤੀ ਨਾਗਰਿਕਾਂ ਨੂੰ ਕਿਸ਼ਤੀ ਰਾਹੀਂ ਸੇਂਟ ਲਾਰੈਂਸ ਦਾ ਦਰਿਆ ਪਾਰ ਕਰਵਾਇਆ ਅਤੇ ਉਸ ਨੇ 1000 ਤੋਂ ਵੱਧ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਭੇਜਣ ਦੀ ਤਸਕਰੀ ਕੀਤੀ।