ਜਗਰਾਓਂ, 25 ਜੁਲਾਈ (ਦਲਜੀਤ ਕੌਰ/ਪੰਜਾਬ ਮੇਲ)- ਐਨਆਰਆਈ ਪਰਿਵਾਰ ਦੀ ਸੁੰਨੀ ਪਈ ਕੋਠੀ ਉਪਰ ਜਾਅਲਸਾਜੀ ਤਰੀਕੇ ਨਾਲ ਕਬਜ਼ਾ ਕਰਕੇ ਇੰਤਕਾਲ ਕਰਵਾਉਣ, ਕੋਠੀ ਵਿੱਚ ਪਏ ਸਮਾਨ ਨੂੰ ਚੋਰੀ ਕਰਨ ਅਤੇ ਕੋਠੀ ਦੀ ਬਾਕੀ 11 ਵਿਸਵੇ ਜਗ੍ਹਾ ਵਿੱਚ ਤੋੜਫੋੜ ਕਰਕੇ ਨਜਾਇਜ਼ ਉਸਾਰੀ ਕਰਨ ਲਈ ਜ਼ਿੰਮੇਵਾਰ ਸਥਾਨਕ ਐਮਐਲਏ ਬੀਬੀ ਸਰਬਜੀਤ ਕੌਰ ਮਾਣੂੰਕੇ ਉਨ੍ਹਾਂ ਦੇ ਪਤੀ ਪ੍ਰੋ: ਸੁਖਵਿੰਦਰ ਸਿੰਘ, ਆਮ ਆਦਮੀ ਪਾਰਟੀ ਦੇ ਆਗੂ ਕਰਮ ਸਿੰਘ ਸਿੱਧੂ, ਅਸ਼ੋਕ ਕੁਮਾਰ ਅਤੇ ਇਸ ਨਾਲ ਸਬੰਧਿਤ ਅਧਿਕਾਰੀਆਂ ਉਪਰ ਕਾਰਵਾਈ ਕਰਵਾਉਣ ਲਈ ‘ਐਨਆਰਆਈ ਜਾਇਦਾਦ ਬਚਾਓ ਐਕਸਨ ਕਮੇਟੀ’ ਵੱਲੋਂ ਐਲਾਨੇ 31 ਜੁਲਾਈ ਦੇ ਐੱਸਐੱਸਪੀ ਲੁਧਿਆਣਾ ਦਿਹਾਤੀ ਦੇ ਦਫ਼ਤਰ ਦਾ ਘਿਰਾਓ ਕਰਨ ਦੇ ਸੱਦੇ ਦਾ ਜਾਇਜ਼ਾ ਲੈਣ ਸਬੰਧੀ ਐਕਸ਼ਨ ਕਮੇਟੀ ਦੀ ਮੀਟਿੰਗ ਅਵਤਾਰ ਸਿੰਘ ਰਸੂਲਪੁਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕੰਵਲਜੀਤ ਖੰਨਾ, ਜਗਸੀਰ ਸਿੰਘ ਢੁੱਡੀਕੇ, ਸੁਖਦੇਵ ਸਿੰਘ ਭੂੰਦੜੀ, ਭਰਪੂਰ ਸਿੰਘ ਸਵੱਦੀ, ਇੰਦਰਜੀਤ ਸਿੰਘ ਧਾਲੀਵਾਲ, ਗੁਰਮੇਲ ਸਿੰਘ ਰੂਮੀ, ਜਗਦੀਸ਼ ਸਿੰਘ ਕਾਉਂਕੇ, ਬਚਿੱਤਰ ਸਿੰਘ, ਕਰਮਜੀਤ ਸਿੰਘ ਕਾਉਂਕੇ, ਹਰਨੇਕ ਸਿੰਘ ਗੁਜ਼ਰਵਾਲ, ਕੁਲਦੀਪ ਕੋਰ ਧਾਲੀਵਾਲ ਆਦਿ ਹਾਜ਼ਰ ਹੋਏ। ਮੀਟਿੰਗ ਵਿੱਚ ਜ਼ੋਰਦਾਰ ਮੰਗ ਕੀਤੀ ਗਈ ਕਿ ਪੁਲਿਸ ਆਪਣੇ ਪੱਖਪਾਤੀ ਰਵੱਈਏ ਨੂੰ ਤਿਆਗ ਕੇ ਉਕਤ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇ। ਮੀਟਿੰਗ ਵਿੱਚ ਸਮੂਹ ਪੰਜਾਬੀਆਂ ਨੂੰ 31 ਜੁਲਾਈ ਦੇ ਘਿਰਾਓ ਵਿੱਚ ਸ਼ਮੂਲੀਅਤ ਕਰਨ ਲਈ ਸਵੇਰੇ 11 ਵਜੇ ਰੇਲਵੇ ਪੁਲ ਦੇ ਹੇਠਾਂ ਨੇੜੇ ਬੇਸਿਕ ਸਕੂਲ ਜਗਰਾਉਂ ਸ਼ਹਿਰ ਪਹੁੰਚਣ ਦੀ ਵੀ ਪੁਰਜ਼ੋਰ ਅਪੀਲ ਕੀਤੀ ਗਈ।