#AMERICA

ਅਮਰੀਕਾ ਦੇ ਓਕਲਾਹੋਮਾ ਦੇ ਇਕ ਘਰ ਵਿਚੋਂ ਮਾਂ ਤੇ 3 ਬੱਚੇ ਮ੍ਰਿਤਕ ਮਿਲੇ

-ਮਾਮਲਾ ਹੱਤਿਆ ਤੇ ਆਤਮਹੱਤਿਆ ਦਾ ਪੁਲਿਸ ਨੂੰ ਸੰਦੇਹ
ਸੈਕਰਾਮੈਂਟੋ, 24 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਓਕਲਾਹੋਮਾ ਰਾਜ ਦੇ ਇਕ ਘਰ ਵਿਚੋਂ 3 ਬੱਚਿਆਂ ਸਮੇਤ ਇਕ ਔਰਤ ਮ੍ਰਿਤਕ ਹਾਲਤ ‘ਚ ਮਿਲਣ ਦੀ ਖਬਰ ਹੈ। ਇਨ੍ਹਾਂ ਵਿਚ ਕੁਝ ਮਹੀਨਿਆਂ ਦਾ ਇਕ ਨਵਜਾਤ ਵੀ ਸ਼ਾਮਲ ਹੈ। ਪੁਲਿਸ ਅਫਸਰਾਂ ਨੂੰ ਸੰਦੇਹ ਹੈ ਕਿ ਮਾਮਲਾ ਹੱਤਿਆ ਤੇ ਆਤਮਹੱਤਿਆ ਦਾ ਹੈ। ਇਹ ਦੁੱਖਦਾਈ ਘਟਨਾ ਓਕਲਾਹੋਮਾ ਦੇ ਇਕ ਛੋਟੇ ਜਿਹੇ ਕਸਬੇ ਵਰਡਿਗਰਿਸ ਵਿਚ ਵਾਪਰੀ ਹੈ। ਪੁਲਿਸ ਮੁੱਖੀ ਜੈਕ ਸ਼ੈਕਲਫੋਰਡ ਅਨੁਸਾਰ ਸ਼ਾਮ 4 ਵਜੇ ਦੇ ਕਰੀਬ ਇਕ ਅਣਪਛਾਤੀ ਔਰਤ ਨੇ ਦੱਸਿਆ ਕਿ ਉਸ ਨੂੰ ਇਕ ਹਥਿਆਰਬੰਦ ਔਰਤ ਨੇ ਇਕ ਗੈਰਾਜ ਵਿਚ ਬੰਧਕ ਬਣਾ ਲਿਆ ਸੀ ਪਰ ਉਹ ਕਿਸੇ ਤਰਾਂ ਉਥੋਂ ਬਚ ਕੇ ਨਿਕਲ ਆਈ । ਉਸ ਨੇ ਉਥੋਂ ਲੰਘ ਰਹੇ ਇਕ ਪੁਲਿਸ ਅਫਸਰ ਨੂੰ ਸਾਰੀ ਗੱਲ ਦੱਸੀ। ਉਸ ਨੇ ਇਹ ਵੀ ਦੱਸਿਆ ਕਿ ਘਰ ਵਿਚ ਬੱਚੇ ਵੀ ਹਨ। ਪੁਲਿਸ ਅਫਸਰ ਨੇ ਸਵੈਟ ਟੀਮ ਸਮੇਤ ਵੱਖ ਵੱਖ ਏਜੰਸੀਆਂ ਦੇ ਲਾਅ ਇਨਫੋਰਸਮੈਂਟ ਅਫਸਰਾਂ ਨੂੰ ਮੌਕੇ ਉਪਰ ਪੁੱਜਣ ਲਈ ਸੂਚਿਤ ਕੀਤਾ । ਪੁਲਿਸ ਅਫਸਰਾਂ ਨੇ ਮੌਕੇ ਉਪਰ ਪਹੁੰਚ ਕੇ ਘਰ ਦੀ ਘੇਰਾਬੰਦੀ ਕੀਤੀ। ਘਰ ਵਿਚੋਂ ਕੋਈ ਹੁੰਗਾਰਾ ਨਾ ਭਰਨ ‘ਤੇ ਕੋਈ ਸਾਢੇ 3 ਘੰਟੇ ਬਾਅਦ ਪੁਲਿਸ ਘਰ ਵਿਚ ਦਾਖਲ ਹੋਈ ਜਿਥੇ ਉਸ ਨੂੰ ਇਕ ਔਰਤ ਤੇ 3 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਜਿਨਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਇਨਾਂ ਬੱਚਿਆਂ ਦੀ ਉਮਰ ਕੁਝ ਮਹੀਨੇ ਤੋਂ ਲੈ ਕੇ 11 ਸਾਲਾਂ ਦਰਮਿਆਨ ਹੈ। ਮੌਕੇ ਉਪਰੋਂ ਇਕ ਹੈਂਡਗੰਨ ਵੀ ਬਰਾਮਦ ਹੋਈ ਹੈ। ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਅਜੇ ਜਨਤਿਕ ਨਹੀਂ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਹੱਤਿਆ ਤੇ ਆਤਮਹੱਤਿਆ ਨਜ਼ਰੀਏ ਤੋਂ ਜਾਂਚ ਕਰ ਰਹੇ ਹਨ। ਸ਼ੈਕਲਫੋਰਡ ਨੇ ਇਹ ਵੀ ਦੱਸਿਆ ਕਿ ਪੁਲਿਸ ਅਫਸਰ ਪਹਿਲਾਂ ਵੀ ਇਸ ਘਰ ਵਿਚ ਘਰੇਲੂ ਝਗੜੇ ਤੇ ਮਾਨਸਿਕ ਸਮੱਸਿਆ ਕਾਰਨ ਕਈ ਵਾਰ ਜਾ ਚੁੱਕੇ ਹਨ।

Leave a comment