ਉਪਰਲੇ ਸਦਨ ਦੀ ਕਾਰਵਾਈ ਮੰਗਲਵਾਰ ਤੱਕ ਮੁਲਤਵੀ; ਵਿਰੋਧੀ ਧਿਰਾਂ ਮਨੀਪੁਰ ਮੁੱਦੇ ‘ਤੇ ਚਰਚਾ ਤੇ ਪ੍ਰਧਾਨ ਮੰਤਰੀ ਵੱਲੋਂ ਬਿਆਨ ਦਿੱਤੇ ਜਾਣ ਦੀ ਮੰਗ ‘ਤੇ ਬਜ਼ਿੱਦ; ਚੇਅਰਮੈਨ ਧਨਖੜ ਤੇ ਓ’ਬ੍ਰਾਇਨ ਵਿਚਾਲੇ ਗਰਮਾ-ਗਰਮੀ
ਨਵੀਂ ਦਿੱਲੀ, 24 ਜੁਲਾਈ (ਪੰਜਾਬ ਮੇਲ)- ਰਾਜ ਸਭਾ ਨੇ ‘ਆਪ’ ਸੰਸਦ ਮੈਂਬਰ ਸੰਜੈ ਸਿੰਘ ਨੂੰ ‘ਮਾੜੇ ਵਤੀਰੇ’ ਲਈ ਮੌਨਸੂਨ ਇਜਲਾਸ ਦੇ ਬਾਕੀ ਰਹਿੰਦੇ ਅਰਸੇ ਲਈ ਮੁਅੱਤਲ ਕਰ ਦਿੱਤਾ ਹੈ। ਰਾਜ ਸਭਾ ਵਿਚ ਸਦਨ ਦੇ ਆਗੂ ਪਿਊਸ਼ ਗੋਇਲ ਨੇ ਸਿੰਘ ਨੂੰ ਮੁਅੱਤਲ ਕਰਨ ਦਾ ਮਤਾ ਰੱਖਿਆ, ਜਿਸ ਨੂੰ ਸਦਨ ਨੇ ਜ਼ੁਬਾਨੀ ਵੋਟ ਨਾਲ ਸਵੀਕਾਰ ਕਰ ਲਿਆ। ਉਂਜ ਮਤਾ ਰੱਖਣ ਤੋਂ ਪਹਿਲਾਂ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ‘ਮਾੜੇ ਰਵੱਈਏ’ ਲਈ ਸਿੰਘ ਦਾ ਨਾਮ ਲਿਆ ਤੇ ਉਨ੍ਹਾਂ ਨੂੰ ਖ਼ਬਰਦਾਰ ਵੀ ਕੀਤਾ। ਸਿੰਘ ਨੂੰ ਮੁਅੱਤਲ ਕਰਨ ਤੋਂ ਫੌਰੀ ਮਗਰੋਂ ਚੇਅਰਮੈਨ ਧਨਖੜ ਨੇ ਸਦਨ ਦੀ ਕਾਰਵਾਈ ਬਾਅਦ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ ਕਿਉਂਕਿ ਵਿਰੋਧ ਧਿਰ ਦੇ ਮੈਂਬਰਾਂ ਨੇ ਮਨੀਪੁਰ ਦੇ ਮੁੱਦੇ ‘ਤੇ ਚਰਚਾ ਦੀ ਮੰਗ ਨੂੰ ਲੈ ਕੇ ਰੌਲਾ-ਰੱਪਾ ਜਾਰੀ ਰੱਖਿਆ। ਵਿਰੋਧੀ ਪਾਰਟੀਆਂ ਪ੍ਰਧਾਨ ਮੰਤਰੀ ਵੱਲੋਂ ਮਨੀਪੁਰ ਮੁੱਦੇ ‘ਤੇ ਸਦਨ ਵਿਚ ਬਿਆਨ ਦਿੱਤੇ ਜਾਣ ਦੀ ਆਪਣੀ ਮੰਗ ‘ਤੇ ਬਜ਼ਿੱਦ ਹਨ। ਸਦਨ ਮੁੜ ਜੁੜਿਆ ਤਾਂ ਵਿਰੋਧੀ ਧਿਰਾਂ ਦਾ ਰੌਲਾ-ਰੱਪਾ ਜਾਰੀ ਰਹਿਣ ਕਰਕੇ ਡਿਪਟੀ ਚੇਅਰਮੈਨ ਹਰੀਵੰਸ਼ ਨੇ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ।
ਇਸ ਤੋਂ ਪਹਿਲਾਂ ਅੱਜ ਦਿਨੇਂ ਰਾਜ ਸਭਾ ਵਿਚ ਚੇਅਰਮੈਨ ਜਗਦੀਪ ਧਨਖੜ ਤੇ ਟੀ.ਐੱਮ.ਸੀ. ਆਗੂ ਡੈਰੇਕ ਓ’ਬ੍ਰਾਇਨ ਦਰਮਿਆਨ ਮਨੀਪੁਰ ਮਸਲੇ ‘ਤੇ ਦਿੱਤੇ ਨੋਟਿਸਾਂ ਨੂੰ ਲੈ ਕੇ ਤਿੱਖੀ ਤਰਕਰਾਰ ਮਗਰੋਂ ਉਪਰਲੇ ਸਦਨ ਦੀ ਕਾਰਵਾਈ ਬਾਅਦ ਦੁਹਪਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਮੌਨਸੂਨ ਇਜਲਾਸ ਦੇ ਤੀਜੇ ਦਿਨ ਜਿਉਂ ਹੀ ਸਦਨ ਜੁੜਿਆ ਤਾਂ ਚੇਅਰਮੈਨ ਧਨਖੜ ਨੇ ਸੱਤਾਧਿਰ ਦੇ ਸੰਸਦ ਮੈਂਬਰਾਂ ਵੱਲੋਂ ਨੇਮ 176 ਤਹਿਤ ਮਿਲੇ 11 ਨੋਟਿਸਾਂ ਦੀ ਤਫ਼ਸੀਲ ਦਿੰਦਿਆਂ ਸੰਸਦ ਮੈਂਬਰਾਂ ਤੇ ਉਨ੍ਹਾਂ ਨਾਲ ਸਬੰਧਤ ਸਿਆਸੀ ਪਾਰਟੀਆਂ ਦੇ ਨਾਂ ਪੜ੍ਹੇ। ਇਨ੍ਹਾਂ ਨੋਟਿਸਾਂ ਵਿਚ ਰਾਜਸਥਾਨ ਤੋਂ ਮਨੀਪਰ ਤੱਕ ਵੱਖ-ਵੱਖ ਰਾਜਾਂ ਵਿਚ ਹਿੰਸਾ ਨੂੰ ਲੈ ਕੇ ਥੋੜ੍ਹੇ ਸਮੇਂ ਦੀ ਵਿਚਾਰ-ਚਰਚਾ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ। ਪਰ ਜਦੋਂ ਸ਼੍ਰੀ ਧਨਖੜ ਨੇ ਸੰਸਦ ਮੈਂਬਰਾਂ ਵੱਲੋਂ ਨੇਮ 267 ਤਹਿਤ ਮਿਲੇ ਨੋਟਿਸਾਂ, ਜਿਸ ਵਿਚ ਮਨੀਪੁਰ ਮਸਲੇ ‘ਤੇ ਚਰਚਾ ਲਈ ਸੰਸਦੀ ਕੰਮਕਾਜ ਨੂੰ ਲਾਂਭੇ ਰੱਖਣ ਦੀ ਮੰਗ ਕੀਤੀ ਗਈ ਸੀ, ਨੂੰ ਪੜ੍ਹਿਆ, ਤਾਂ ਉਨ੍ਹਾਂ ਕਿਸੇ ਪਾਰਟੀ ਦਾ ਜ਼ਿਕਰ ਨਹੀਂ ਕੀਤਾ। ਇਸ ‘ਤੇ ਓ’ਬ੍ਰਾਇਨ ਨੇ ਚੇਅਰਮੈਨ ਨੂੰ ਕਿਹਾ ਕਿ ਉਹ ਨੇਮ 267 ਨੋਟਿਸ ਦੇਣ ਵਾਲੇ ਸੰਸਦ ਮੈਂਬਰਾਂ ਦੀ ਪਾਰਟੀ ਦਾ ਵੀ ਜ਼ਿਕਰ ਕਰਨ। ਧਨਖੜ ਨੇ ਓ’ਬ੍ਰਾਇਨ ਨੂੰ ਆਪਣੀ ਸੀਟ ‘ਤੇ ਬੈਠਣ ਲਈ ਕਿਹਾ, ਪਰ ਟੀ.ਐੱਮ.ਸੀ. ਸਖ਼ਤ ਰੌਂਅ ਵਿਚ ਨਜ਼ਰ ਆਏ। ਵਿਰੋਧੀ ਧਿਰ ਦੇ ਹੋਰਨਾਂ ਸੰਸਦ ਮੈਂਬਰਾਂ ਨੇ ਵੀ ਓ’ਬ੍ਰਾਇਨ ਦੀ ਹਮਾਇਤ ਕੀਤੀ। ਧਨਖੜ ਨੇ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰਨ ਤੋਂ ਪਹਿਲਾਂ ਕਿਹਾ, ”ਤੁਸੀਂ ਚੇਅਰ ਨੂੰ ਚੁਣੌਤੀ ਦੇ ਰਹੇ ਹੋ।”